ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 18 ਅਗਸਤ
ਮੁਹਾਲੀ ਪੁਲੀਸ ਵੱਲੋਂ ਇਕ ਅੰਤਰਰਾਜੀ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਨੌਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 52 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਅੱਜ ਇੱਥੇ ਐੱਸਐੱਸਪੀ ਮੁਹਾਲੀ ਸਤਿੰਦਰ ਸਿੰਘ ਨੇ ਦਿੱਤੀ। ਮੁਲਜ਼ਮਾਂ ਖ਼ਿਲਾਫ਼ ਬਲੌਂਗੀ ਥਾਣੇ ਵਿੱਚ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਵਾਹਨ ਚੋਰੀ ਦੇ ਵੱਖ-ਵੱਖ ਮਾਮਲੇ ਹੱਲ ਹੋਏ ਹਨ। ਇਸ ਮਾਮਲੇ ਵਿੱਚ ਪੁਲੀਸ ਵੱਲੋਂ 13 ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਐੱਸਐੱਸਪੀ ਨੇ ਦੱਸਿਆ ਕਿ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਨੇ ਪਹਿਲਾਂ ਚਾਰ ਮੁਲਜ਼ਮਾਂ ਰਾਮਜੀਤ ਸਿੰਘ ਉਰਫ਼ ਰਾਮ, ਚੰਨਪ੍ਰੀਤ ਸਿੰਘ ਉਰਫ਼ ਚੰਨੀ, ਗਿਰੀਸ਼ ਬੈਂਬੀ ਉਰਫ਼ ਗੈਰੀ ਵਾਸੀ ਸੋਧੀ ਮੁਹੱਲਾ, ਭਿੱਖੀਵਿੰਡ (ਤਰਨ ਤਾਰਨ) ਅਤੇ ਮਨਿੰਦਰ ਸਿੰਘ ਵਾਸੀ ਪਿੰਡ ਕਲਸ (ਤਰਨ ਤਾਰਨ) ਹਾਲ ਵਾਸੀ ਹਰਗੋਬਿੰਦ ਐਵੇਨਿਊ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰ ਕੇ ਮੁਲਜ਼ਮਾਂ ਕੋਲੋਂ 21 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੀ ਪੁੱਛਗਿਛ ਤੋਂ ਬਾਅਦ ਪ੍ਰਗਟ ਸਿੰਘ ਵਾਸੀ ਪਿੰਡ ਡੀਲਵਾਲ (ਪਟਿਆਲਾ) ਤੇ ਸਾਥੀ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਗੰਨ ਪੁਆਇੰਟ ’ਤੇ ਖੋਹੀਆਂ ਨੌਂ ਗੱਡੀਆਂ ਬਰਾਮਦ ਕੀਤੀਆਂ ਗਈਆਂ। ਉਹ 9 ਦਸੰਬਰ 2020 ਨੂੰ ਸੋਹਾਣਾ ਥਾਣੇ ਵਿੱਚ ਦਰਜ ਕੇਸ ਵਿੱਚ ਲੋੜੀਂਦੇ ਸਨ।
ਐੱਸਐੱਸਪੀ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਹੁਣ ਮੁਲਜ਼ਮ ਰਾਜੇਸ਼ ਕੱਕੜ ਉਰਫ਼ ਰਾਜਾ ਵਾਸੀ ਗੋਧੇਵਾਲੀ ਗਲੀ (ਮੋਗਾ) ਹਾਲ ਵਾਸੀ ਨੇੜੇ ਜਵੇਦੀਪੁਲ ਪੀਰ ਬਾਬਾ ਵਾਲੀ ਗਲੀ ਲੁਧਿਆਣਾ ਨੂੰ ਨਾਮਜ਼ਦ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਰਜੋਤ ਸਿੰਘ ਉਰਫ਼ ਜੋਤ ਵਾਸੀ ਰਿਆਸਤ ਐਵੇਨਿਊ (ਅੰਮ੍ਰਿਤਸਰ) ਨੂੰ ਮੁਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਚੋਰੀ ਦੀਆਂ 22 ਹੋਰ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਹਰਜੋਤ ਸਿੰਘ ਨੇ ਬੀਟੈਕ (ਇਲੈਕਟ੍ਰੌਨਿਕਸ) ਦੀ ਪੜ੍ਹਾਈ ਕੀਤੀ ਹੋਈ ਹੈ ਜਦਕਿ ਮੁਲਜ਼ਮ ਰਾਜੇਸ਼ ਰਾਜਾ ਅੱਠਵੀਂ ਪਾਸ ਹੈ।
ਵੱਖ-ਵੱਖ ਰਾਜਾਂ ਵਿਚ ਵੇਚੀਆਂ ਚੋਰੀ ਕੀਤੀਆਂ ਗੱਡੀਆਂ
ਮੁਲਜ਼ਮਾਂ ਨੇ ਮਨਦੀਪ ਸਿੰਘ ਉਰਫ਼ ਬਾਬਾ ਵਾਸੀ ਦਿੱਲੀ ਨਾਲ ਮਿਲ ਕੇ ਚੋਰੀ ਕੀਤੀਆਂ ਲਗਜ਼ਰੀ ਗੱਡੀਆਂ ਪੰਜਾਬ, ਪਾਂਡਵ ਨਗਰ ਪੁਣੇ (ਮਹਾਰਾਸਟਰ) ਤੇ ਬਿਹਾਰ ਵਿੱਚ ਆਪਣੇ ਗਰੋਹ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਵੇਚੀਆਂ ਹਨ। ਮਨਦੀਪ ਉਰਫ਼ ਬਾਬਾ ਹੁਣ ਪੁਣੇ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਦਾ ਹੈ। ਉਹ ਹੁਣ ਤੱਕ ਕਰੀਬ 100 ਕਾਰਾਂ ਚੋਰੀ ਕਰ ਚੁੱਕੇ ਸਨ।