ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 7 ਜੂਨ
ਬੀਤੇ ਦਿਨ ਵਿਸ਼ਵ ਵਾਤਾਵਰਨ ਦਿਵਸ ਮੌਕੇ ਅੰਮਿਤਸਰ ਦੀਆਂ ਕਲੋਨੀਆਂ ਹੋਲੀ ਸਿਟੀ, ਸਵਿਸ ਸਿਟੀ, ਗੁਰੂ ਅਮਰਦਾਸ ਐਵੀਨਿਉ ਤੇ ਗੁਮਟਾਲਾ ਦੇ ਵਸਨੀਕਾਂ ਨੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਹਿਯੋਗ ਨਾਲ, ਤੁੰਗਢਾਬ ਨਾਲੇ ਵਿੱਚ ਹੋ ਰਹੇ ਪ੍ਰਦੂਸ਼ਣ ਦੇ ਵਿਰੋਧ ਵਿੱਚ ਇਕੱਤਰਤਾ ਕੀਤੀ। ਤੁੰਗਢਾਬ ਡਰੇਨ ਗੁਰਦਾਸਪੁਰ ਦੇ ਪਿੰਡ ਤਲਵੰਡੀ ਭਾਰਥ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਦੀਆਂ ਬਹੁਤ ਸਾਰੀਆਂ ਨਗਰ ਨਿਗਮ ਅਧੀਨ ਆਉਂਦੀਆਂ ਕਾਲੋਨੀਆਂ ’ਚੋਂ ਨਿਕਲ ਕੇ ਪੁਡਿਆਲਾ ਡਰੇਨ ਰਾਹੀਂ ਪਾਕਿਸਤਾਨ ਵਿੱਚ ਦਾਖ਼ਲ ਹੁੰਦੇ ਬਰਸਾਤੀ ਨਾਲੇ ’ਚ ਕਈ ਸਾਲਾਂ ਤੋਂ ਨਗਰ ਨਿਗਮ ਤੋਂ ਇਲਾਵਾ ਕੁੱਝ ਪਿੰਡਾਂ ਦੇ ਸੀਵਰੇਜ ਦਾ ਪਾਣੀ ਤੇ ਕੁੱਝ ਫੈਕਟਰੀਆਂ ਦਾ ਰਸਾਇਣ ਮਿਲਿਆ ਪਾਣੀ ਸੁੱਟਿਆ ਜਾਂਦਾ ਹੈ। ਇਹ ਗੰਦੇ ਨਾਲੇ ਦਾ ਰੂਪ ਅਖ਼ਤਿਆਰ ਕਰ ਗਿਆ ਹੈ। ਹੋਲੀ ਸਿਟੀ ਵਸਨੀਕਾਂ ਦੇ ਨੁਮਾਇੰਦੇ ਕੈਲਾਸ਼ ਬਾਂਸਲ ਨੇ ਦੱਸਿਆ ਕਿ ਡਰੇਨ ਵਿੱਚੋਂ ਪੈਦਾ ਹੋ ਰਹੀਆਂ ਜ਼ਹਿਰੀਲੀਆਂ ਗੈਸਾਂ ਇਲਾਕਾ ਵਾਸੀਆਂ ਲਈ ਬਿਮਾਰੀਆਂ ਦਾ ਕਾਰਨ ਬਣ ਰਹੀਆਂ ਹਨ। ਸ਼ਿਕਾਇਤਾਂ ਕਰਨ ਦੇ ਬਾਵਜ਼ੁੂਦ ਨਗਰ ਨਿਗਮ ਨੇ ਕੋਈ ਕਾਰਵਾਈ ਨਹੀਂ ਹੋਈ। ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਜਪਾਨ ਅੰਤਰਰਾਸ਼ਟਰੀ ਸਹਿਕਾਰਤਾ ਏਜੰਸੀ ਦੁਆਰਾ ਫੰਡ ਕੀਤੇ ਜਾ ਰਹੇ ਭੂਮੀਗਤ ਸੀਵਰੇਜ ਪ੍ਰਾਜੈਕਟ ’ਤੇ ਖ਼ਰਚ ਕੀਤੇ ਸੈਂਕੜੇ ਕਰੋੜ ਰੁਪਏ ਦੇ ਬਾਵਜੂਦ ਨਗਰ ਨਿਗਮ ਕਈ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨਗਰ ਨਿਗਮ ਅੰਮ੍ਰਿਤਸਰ ਨੂੰ ਸੀਵਰੇਜ ਦਾ ਪਾਣੀ ਇਸ ਵਿਚ ਪਾਉਣ ਤੋਂ ਰੋਕਿਆ ਗਿਆ ਹੈ। ਇਸੇ ਤਰ੍ਹਾਂ ਬਟਾਲਾ ਰੋਡ ਤੇ ਮਜੀਠਾ ਰੋਡ ਸੀਵਰੇਜ ਦਾ ਪਾਣੀ ਇਸ ਨਾਲੇ ਵਿਚ ਪਾ ਕੇ ਨਿਗਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ। ਸ੍ਰੀ ਗੁਮਟਾਲਾ ਨੇ ਕਿਹਾ ਕਿ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਲੋਕ ਸਭਾ ਵਿੱਚ ਵੀ ਇਸ ਮੁੱਦੇ ਨੂੰ ਉਠਾ ਚੁੱਕੇ ਹਨ। ਮੰਚ ਦੇ ਸਰਪ੍ਰਸਤ ਦਲਜੀਤ ਸਿੰਘ ਕੋਹਲੀ ਨੇ ਕਿਹਾ ਕਿ ਸ੍ਰੀ ਔਜਲਾ ਦੀ ਅਗਵਾਈ ਵਾਲੀ ਟਾਸਕ ਫੋਰਸ ਦੀ ਮੀਟਿੰਗ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।