ਨਵੀਂ ਦਿੱਲੀ/ਪਟਨਾ, 12 ਅਗਸਤ
ਆਰਜੇਡੀ ਆਗੂ ਵੱਲੋਂ ਚੋਣਾਂ ਵੇਲੇ 10 ਲੱਖ ਨੌਕਰੀਆਂ ਦੇਣ ਦੇ ਕੀਤੇ ਗਏ ਵਾਅਦੇ ’ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਆਹਮੋ ਸਾਹਮਣੇ ਆ ਗਏ ਹਨ। ਗਿਰੀਰਾਜ ਸਿੰਘ ਨੇ ਤੇਜਸਵੀ ਦੇ ਇੰਟਰਵਿਊ ਦੀ ਵੀਡੀਓ ਕਲਿੱਪ ਟਵੀਟ ਕੀਤੀ ਹੈ ਜਿਸ ’ਚ ਉਹ ਬਿਹਾਰ ਦੇ ਨੌਜਵਾਨਾਂ ਨੂੰ 10 ਲੱਖ ਨੌਕਰੀਆਂ ਦੇਣ ਦੀ ਗੱਲ ਆਖ ਰਿਹਾ ਹੈ। ਇਸ ਨਾਲ ਦੋਹਾਂ ਵਿਚਕਾਰ ਸੋਸ਼ਲ ਮੀਡੀਆ ’ਤੇ ਤਕਰਾਰ ਹੋ ਗਈ ਹੈ। ਤੇਜਸਵੀ ਨੇ ਵੀਡੀਓ ’ਚ ਕਿਹਾ ਹੈ ਕਿ ਹੁਣ ਉਹ ਉਪ ਮੁੱਖ ਮੰਤਰੀ ਬਣ ਗਿਆ ਹੈ ਤਾਂ 10 ਲੱਖ ਨੌਕਰੀਆਂ ਦੇਣ ਦਾ ਵਾਅਦਾ ਪੁਗਾਏਗਾ। ਤੇਜਸਵੀ ਨੇ ਕੇਂਦਰੀ ਮੰਤਰੀ ’ਤੇ ਤਨਜ਼ ਕਸਦਿਆਂ ਕਿਹਾ ਕਿ ਕੋਈ ਲੰਬੀ ਗੁੱਤ ਨਾਲ ਗਿਆਨਵਾਨ ਨਹੀਂ ਬਣ ਜਾਂਦਾ। ਇਸ ’ਤੇ ਗਿਰੀਰਾਜ ਸਿੰਘ ਨੇ ਕਿਹਾ ਕਿ ਬਿਹਾਰ ਦੀ ਧਰਮ ਨਿਰਪੱਖ ਸਰਕਾਰ ਦੇ ਆਗੂਆਂ ਨੇ ਹਿੰਦੂ ਧਰਮ ਦੇ ਪ੍ਰਤੀਕਾਂ ’ਤੇ ਹਮਲੇ ਸ਼ੁਰੂ ਕਰ ਦਿੱਤੇ ਹਨ।
ਤੇਜਸਵੀ ਨੇ ਕਿਹਾ ਕਿ ਭਾਜਪਾ ਦੇ ਸੜਕਛਾਪ ਬਿਆਨਾਂ ਅਤੇ ਹੋਛੀਆਂ ਹਰਕਤਾਂ ਕਾਰਨ ਉਨ੍ਹਾਂ ਨੂੰ ਬਿਹਾਰ ’ਚ ਝਟਕਾ ਲੱਗਾ ਹੈ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਚਾਰਾ ਚੋਰ ਦਾ ਪੁੱਤਰ ਸਾਧ ਨਹੀਂ ਬਣ ਸਕਦਾ ਹੈ। -ਪੀਟੀਆਈ