ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਮਾਰਚ
ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ ’ਤੇ ਬੈਂਕ ਮੁਲਾਜ਼ਮਾਂ ਦੀ ਅੱਜ ਲਗਾਤਾਰ ਦੂਜੇ ਦਿਨ ਵੀ ਮੁਕੰਮਲ ਹੜਤਾਲ ਰਹੀ। ਹੜਤਾਲ ਕਾਰਨ ਸਰਕਾਰੀ ਬੈਂਕ ਨੂੰ ਤਾਲੇ ਲਟਕਦੇ ਰਹੇ ਤੇ ਸਮੁੱਚਾ ਕੰਮਕਾਜ ਠੱਪ ਰਿਹਾ। ਹੜਤਾਲੀ ਮੁਲਾਜ਼ਮਾਂ ਵਲੋਂ ਵੱਡੇ ਚੌਂਕ ਵਿਚ ਐਸਬੀਆਈ ਦੀ ਬਰਾਂਚ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵਲੋਂ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਨੂੰ ਦੇਸ਼ ਅਤੇ ਮੁਲਾਜ਼ਮ ਵਿਰੋਧੀ ਕਰਾਰ ਦਿੱਤਾ ਗਿਆ।
ਅੱਜ ਦੂਜੇ ਦਿਨ ਵੀ ਬੈਂਕ ਮੁਲਾਜ਼ਮ ਸਥਾਨਕ ਸ਼ਹਿਰ ਦੇ ਵੱਡੇ ਚੌਕ ’ਚ ਭਾਰਤੀ ਸਟੇਟ ਬੈਂਕ ਦੀ ਬਰਾਂਚ ਅੱਗੇ ਇਕੱਠੇ ਹੋਏ ਤੇ ਕੇਂਦਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਖੇਤਰੀ ਸਕੱਤਰ ਪੰਜਾਬ ਸ੍ਰੀ ਰਾਜੀਵ ਵਰਮਾ, ਨਰੇਸ਼ ਸ਼ਰਮਾ ਸਟੇਟ ਕਮੇਟੀ ਮੈਂਬਰ ਕੇਨਰਾ ਬੈਂਕ ਐਂਪਲਾਈਜ਼ ਯੂਨੀਅਨ, ਪਾਲੀ ਰਾਮ ਬਾਂਸਲ, ਡੀ.ਪੀ. ਬਾਤਿਸ਼, ਮਨਦੀਪ ਕੁਮਾਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਐਂਡ ਸਿੰਧ ਬੈਂਕ, ਭੁਪੇਸ ਮੰਗਲਾ ਪ੍ਰਧਾਨ ਪੰਜਾਬ ਨੈਸ਼ਨਲ ਬੈਂਕ ਆਫੀਸਰ ਯੂਨੀਅਨ, ਗੁਰਵਿੰਦਰ ਸਿੰਘ ਸਰਕਲ ਸਕੱਤਰ ਪੰਜਾਬ ਨੈਸ਼ਨਲ ਬੈਂਕ, ਅਵਤਾਰ ਸਿੰਘ ਕੇਂਦਰੀ ਕਮੇਟੀ ਮੈਂਬਰ ਐਸ.ਬੀ.ਆਈ., ਅਜੇ ਕੁਮਾਰ ਸਟੇਟ ਕਮੇਟੀ ਮੈਂਬਰ ਕੇਨਰਾ ਬੈਂਕ ਵਰਕਰਜ਼ ਇੰਪਲਾਈਜ਼ ਯੂਨੀਅਨ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੀਆਂ ਆਰਥਿਕ ਨੀਤੀਆਂ ਨੇ ਦੇਸ਼ ਵਿਚਲੇ ਲੋਕਤੰਤਰ ਦੇ ਚਾਰ ਥੰਮਾਂ ਨੂੰ ਪੂਰਨ ਤੌਰ ’ਤੇ ਕਮਜ਼ੋਰ ਕਰ ਦਿੱੱਤਾ ਗਿਆ ਹੈ ਤੇ ਦੇਸ਼ ਨੂੰ ਆਰਥਿਕ ਗੁਲਾਮੀ ਵੱਲ ਧੱਕਿਆ ਜਾ ਰਿਹਾ ਹੈ।
ਪਟਿਆਲਾ (ਰਵੇਲ ਸਿੰਘ ਭਿੰਡਰ) ਸਰਕਾਰੀ ਬੈਂਕਾਂ ਦੇ ਨਿੱਜੀਕਰਨ ਖ਼ਿਲਾਫ਼ ਦੋ ਰੋਜ਼ਾ ਹੜਤਾਲ ’ਚ ਅੱਜ ਦੂਜੇ ਦਿਨ ਵੀ ਪੰਜਾਬ ਦੇ ਜਨਤਕ ਖੇਤਰ ਦੀਆਂ ਬੈਂਕਾਂ ਦੇ 40 ਹਜ਼ਾਰ ਤੋਂ ਵੱਧ ਬੈਂਕ ਮੁਲਾਜ਼ਮ ਹੜਤਾਲ ’ਤੇ ਰਹਿਣ ਕਾਰਨ ਬੈਂਕਾਂ ਦਾ ਕੰਮਕਾਜ ਮੁਕੰਮਲ ਠੱਪ ਰਿਹਾ। ਅਜਿਹੇ ’ਚ ਗਾਹਕਾਂ ਨੂੰ ਪ੍ਰੇਸ਼ਾਨੀ ਹੋਈ ਉਥੇ ਹੀ ਬੈਂਕਾਂ ਨੂੰ ਵੀ ਵਿੱਤੀ ਘਾਟੇ ਵੀ ਝੱਲਣੇ ਪਏ। ਬੈਂਕ ਬ੍ਰਾਂਚਾਂ ਬੰਦ ਰਹਿਣ ਕਾਰਨ ਕਰੋੜਾਂ ਰੁਪਏ ਦਾ ਵਿੱਤੀ ਅਦਾਨ ਪ੍ਰਦਾਨ ਰੁਕਿਆ ਰਿਹਾ। ਹੜਤਾਲ ਦੇ ਦੂਜੇ ਦਿਨ ਅੱਜ ਵੀ ਬੈਂਕਾਂ ਦੀਆਂ ਨੌ ਜਥੇਬੰਦੀਆਂ ਦੀ ਯੂਨੀਅਨ ਯੂਐੱਫ਼ਬੀਯੂ ਦੇ ਸੱਦੇ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ’ਚ ਪਟਿਆਲਾ ਸ਼ੇਰਾਂ ਵਾਲਾ ਗੇਟ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਰੀਜ਼ਨਲ ਬ੍ਰਾਂਚ ਅੱਗੇ ਹੜਤਾਲੀ ਬੈਂਕ ਕਾਮਿਆਂ ਵੱਲੋਂ ਵਿਸ਼ਾਲ ਰੋਸ ਰੈਲੀ ਦੌਰਾਨ ਜਨਤਕ ਖੇਤਰ ਦੀਆਂ ਦੋ ਹੋਰ ਬੈਂਕਾਂ ਦੇ ਨਿੱਜੀਕਰਨ ਦੀ ਤਜ਼ਵੀਜ ਦਾ ਵਿਰੋਧ ਕੀਤਾ। ਬੈਂਕ ਯੂਨੀਅਨ ਆਗੂਆਂ ਨੇ ਦਾਅਵਾ ਕੀਤਾ ਕਿ ਪੰਜਾਬ ਖੇਤਰ ’ਚੋਂ 40 ਹਜ਼ਾਰ ਤੋਂ ਵੱਧ ਬੈਂਕ ਅਧਿਕਾਰੀ ਤੇ ਕਰਮਚਾਰੀ ਦੋ ਰੋਜ਼ਾ ਹੜਤਾਲ ’ਚ ਸਰਗਰਮ ਰਹੇ। ਇਸ ਹੜਤਾਲ ਨਾਲ ਬਹੁਤੀਆਂ ਬੈਂਕਾਂ ਨੂੰ ਤਾਲੇ ਹੀ ਜੜੇ ਰਹੇ ਵੇਖੇ ਗਏ ਹਨ। ਉਧਰ, ਅਹਿਮ ਗੱਲ ਇਹ ਕਿ ਹੜਤਾਲ ’ਚ ਸ਼ਾਮਲ ਬੈਂਕ ਮੁਲਾਜ਼ਮਾਂ ਦੀ ਦੋ ਦਿਨ ਦੀ ਕਰੋੜਾਂ ਰੁਪਏ ਦੀ ਤਨਖਾਹ ਵੀ ਕੱਟੀ ਗਈ ਹੈ ਕਿਉਂਕਿ ਹੜਤਾਲ ਦੇ ਖੇਤਰ ’ਚ ਆਉਂਦੇ ਨੌਂ ਬੈਂਕ ਮੈਨੇਜਮੈਂਟਾਂ ਵੱਲੋਂ ਹੜਤਾਲ ਦੇ ਇਵਜ਼ ‘ਕੰਮ ਨਹੀਂ ਤਨਖਾਹ ਨਹੀ’ ਦਾ ਫੁਰਮਾਨ ਜਾਰੀ ਕੀਤਾ ਹੋਇਆ ਸੀ ਤੇ ਬੈਂਕ ਮੁਲਾਜ਼ਮਾਂ ਦੋ ਦਿਨ ਦੀ ਹੜਤਾਲ ਨੂੰ ਸਫਲ ਬਣਾਉਣ ਲਈ ਤਨਖਾਹ ਕੱਟੇ ਜਾਣ ਦੀ ਪ੍ਰਵਾਹ ਨਹੀਂ ਕੀਤੀ। ਅੱਜ ਹੜਤਾਲ ਦੇ ਦੂਜੇ ਦਿਨ ਸ਼ੇਰਾਂਵਾਲਾ ਗੇਟ ਪਟਿਆਲਾ ਦੇ ਬਾਹਰ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ।
ਪਾਤੜਾਂ (ਗੁਰਨਾਮ ਸਿੰਘ ਚੌਹਾਨ) ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਦੇ ਸੱਦੇ ’ਤੇ ਸਰਕਾਰੀ ਬੈਂਕਾਂ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਬੈਂਕ ਮੁਲਾਜ਼ਮਾਂ ਨੇ ਨਰਵਾਣਾ ਰੋਡ ਉੱਤੇ ਸਥਿਤ ਪੀਐੱਨਬੀ ਬੈਂਕ ਪੂਰੀ ਤਰ੍ਹਾਂ ਬੰਦ ਰਿਹਾ। ਇਸੇ ਦੌਰਾਨ ਕੁਝ ਕੁ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਬੈਂਕਾਂ ਦੀ ਹੜਤਾਲ ਕਾਰਨ ਬੈਂਕ ਖਪਤਕਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਧੂਰੀ (ਨਿੱਜੀ ਪੱਤਰ ਪ੍ਰੇਰਕ) 2 ਬੈਂਕਾਂ ਦੇ ਪ੍ਰਸਤਾਵਿਤ ਨਿੱਜੀਕਰਨ ਖ਼ਿਲਾਫ਼ ਬੈਂਕਾਂ ਦੀ ਦੋ ਦਿਨਾਂ ਦੇਸ਼ ਵਿਆਪੀ ਹੜਤਾਲ ਦੇ ਦੂਜੇ ਦਿਨ ਅੱਜ ਇੱਥੋਂ ਦੇ ਸਾਰੇ ਸਰਕਾਰੀ ਬੈਂਕ ਬੰਦ ਰਹੇ।
ਬੈਂਕਾਂ ਦੇ ਨਿਜੀਕਰਨ ਦੀ ਪਰਨੀਤ ਕੌਰ ਵੱਲੋਂ ਨਿੰਦਾ
ਪਟਿਆਲਾ (ਸਰਬਜੀਤ ਸਿੰਘ ਭੰਗੂ) ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖ ਕੇ ਕਿਹਾ ਕਿ ਬੈਂਕਾਂ ਦੇ ਨਿਜੀ ਕਰਨ ਨਾਲ ਬੇਕਾਬੂ ਹੋਣ ਵਾਲੇ ਹਾਲਾਤ, ਲੋਕਾਂ ਲਈ ਸੁਰੱਖਿਅਤ ਬੈਂਕਿੰਗ ਦੇ ਦਰਵਾਜੇ ਬੰਦ ਕਰਨ ਦੇ ਤੁੱਲ ਹੋਣਗੇ। ਇਹ ਬੈਂਕਾਂ ਨੂੰ ਇਕ ਖਾਸ ਵਰਗ ਤੱਕ ਸੀਮਤ ਕਰਨ ਵਾਲਾ ਵਰਤਾਰਾ ਹੈ। 10 ਲੱਖ ਦੇ ਕਰੀਬ ਬੈਂਕ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਾਜ਼ਾ ਹੜਤਾਲ ਨੂੰ ਸਮਰਥਨ ਦਿੰਦਿਆਂ, ਉਨ੍ਹਾਂ ਕੇਂਦਰੀ ਵਿੱਤ ਮੰਤਰੀ ਨੂੰ ਵੀ ਬੈਂਕ ਯੂਨੀਅਨਾਂ ਦੀਆਂ ਮੰਗਾਂ ਪ੍ਰਤੀ ਹਮਦਰਦੀ ਵਾਲਾ ਰਵੱਈਆ ਅਪਣਾਉਣ ’ਤੇ ਜੋਰ ਦਿੱਤਾ। ਬੈਂਕਾਂ ਦਾ ਨਿਜੀਕਰਨ ਨਾ ਕੇਵਲ ਇਨ੍ਹਾਂ ਲੋਕਾਂ ਲਈ ਮਾਰੂ ਹੈ, ਬਲਕਿ ਸਾਡੇ ਦੇਸ਼ ਤੇ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਵੀ ਹੈ। 51 ਸਾਲ ਪਹਿਲਾਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਨਿਜੀ ਬੈਂਕਾਂ ਦਾ ਉਸ ਸਮੇਂ ਕੌਮੀਕਰਨ ਕੀਤਾ ਸੀ, ਜਦੋਂ ਨਿਜੀ ਕਾਰਪੋਰੇਟ ਤੇ ਲੋਕਾਂ ਦੀਆਂ ਬੱਚਤਾਂ ਨੂੰ ਦੇਸ਼ ਦੇ ਵਿਕਾਸ ਲਈ ਨਹੀਂ ਸਨ ਵਰਤ ਰਹੇ, ਪਰੰਤੂ ਉਦੋਂ ਤੋਂ ਹੀ ਪਬਲਿਕ ਸੈਕਟਰ ਦੇ ਬੈਂਕਾਂ ਨੇ ਦੇਸ਼ ਦੇ ਸਰਵਪੱਖੀ ਵਿਕਾਸ ਲਈ ਅਹਿਮ ਯੋਗਦਾਨ ਪਾਇਆ ਹੈ। ਖੇਤੀਬਾੜੀ ਨੂੰ ਵੀ ਨਿਜੀ ਹੱਥਾਂ ’ਚ ਸੌਂਪਣ ਲਈ ਤਿੰਨ ਕਿਸਾਨ ਮਾਰੂ ਕਾਲੇ ਕਾਨੂੰਨ ਪਾਸ ਕੀਤੇ ਗਏ। ਸਰਕਾਰ ਹੁਣ ਪਬਲਿਕ ਸੈਕਟਰ ਦੇ ਬੈਂਕਾਂ ਦੇ ਨਿਜੀਕਰਨ ਸਮੇਤ ਐਲ.ਆਈ.ਸੀ. ਨੂੰ ਵੀ ਵੇਚਣ ਦੇ ਰਾਹ ਤੁਰੀ ਹੋਈ ਹੈ। ਇਹ ਕੇਵਲ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਬਣਨ ਤੱਕ ਹੀ ਸੀਮਤ ਹੋ ਗਈ ਹੈ। ਕਰੋੜਾਂ ਭਾਰਤੀਆਂ ਦੇ ਆਪਣੇ ਬੈਂਕਾਂ ਨੂੰ ਬਚਾਉਣ ਦੀ ਬਜਾਇ ਵੱਡੇ ਉਦਯੋਗਪਤੀਆਂ ਦੇ ਕਰਜ਼ੇ ਮੁਆਫ਼ ਕਰਨ ’ਤੇ ਲੱਗੀ ਹੋਈ ਹੈ। ਪਬਲਿਕ ਬੈਂਕਾਂ ਦੇ ਨਿਜੀਕਰਨ ਦੀ ਬਜਾਇ ਦੇਸ਼ ਦੀ ਅਰਥ ਵਿਵਸਥਾ ਦੀ ਜੀਵਨ ਰੇਖਾ, ਜਨਤਕ ਖੇਤਰ ਦੇ ਬੈਂਕਾਂ ਨੂੰ ਮਜ਼ਬੂਤ ਕਰਨ ਵੱਲ ਕਦਮ ਉਠਾਉਣੇ ਚਾਹੀਦੇ ਹਨ।