ਪੱਤਰ ਪ੍ਰੇਰਕ
ਸ਼ਾਹਕੋਟ, 10 ਮਈ
ਗੁੰਮ ਹੋਏ ਤਿੰਨ ਬੱਚਿਆਂ ਨੂੰ ਸ਼ਾਹਕੋਟ ਪੁਲੀਸ ਨੇ ਕੁੱਝ ਘੰਟਿਆਂ ਵਿੱਚ ਹੀ ਭਾਲ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ। ਇਸ ਦੇ ਨਾਲ ਹੀ ਪੁਲੀਸ ਵੱਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀ.ਐੱਸ.ਪੀ ਸ਼ਾਹਕੋਟ ਜਸਬਿੰਦਰ ਸਿੰਘ ਖਹਿਰਾ ਅਤੇ ਐੱਸ.ਐੱਚ.ਓ ਹਰਦੀਪ ਸਿੰਘ ਮਾਨ ਨੇ ਦੱਸਿਆ ਕਿ ਸੁਰੇਸ਼ ਸਾਧਾ ਪੁੱਤਰ ਮਹਿੰਦਰ ਸਾਧਾ ਵਾਸੀ ਗਮਰੀਆ ਬਾਜ਼ਾਰ ਥਾਣਾ ਗਮਰੀਆ ਜ਼ਿਲ੍ਹਾ ਮੱਧੇਪੁਰ (ਬਿਹਾਰ) ਹਾਲ ਵਾਸੀ ਪੱਤੀ ਸਾਹਲਾ ਨਗਰ ਮਲਸੀਆਂ ਨੇ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ ਬੱਚੇ ਸ਼ਿਵਾ (10), ਨਰੇਸ ਕੁਮਾਰ (5) ਅਤੇ ਉਨ੍ਹਾਂ ਦੀ ਭਾਣਜੀ ਸਰਸਵਤੀ (7) ਘਰ ਵਿੱਚ ਨਹੀ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਬੱਚਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਘਰੋਂ ਖੇਡਣ ਗਏ ਬੱਚੇ ਰਸਤਾ ਭਟਕ ਕੇ ਗੁਆਚ ਗਏ ਸਨ।ਬੱਚਿਆਂ ਦੇ ਘਰ ਆਉਣ ਨਾਲ ਮਾਪਿਆਂ ਨੇ ਰਾਹਤ ਮਹਿਸੂਸ ਕੀਤੀ।