ਪੱਤਰ ਪ੍ਰੇਰਕ
ਕੁਰਾਲੀ, 18 ਅਗਸਤ
ਬਸਪਾ ਨੇ 29 ਅਗਸਤ ਨੂੰ ਫਗਵਾੜਾ ਵਿੱਚ ਹੋ ਰਹੀ ‘ਅਲਖ ਜਗਾਓ ਮਹਾਰੈਲੀ’ ਵਿੱਚ ਭਰਵੀਂ ਸ਼ਮੂਲੀਅਤ ਕਰਵਾਉਣ ਲਈ ਪਿੰਡਾਂ ਵਿੱਚ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੇ ਸ੍ਰੀ ਚਮਕੌਰ ਸਾਹਿਬ ਤੋਂ ਹਲਕਾ ਇੰਚਾਰਜ ਰਜਿੰਦਰ ਸਿੰਘ ਨਨਹੇੜੀਆਂ ਨੇ ਅੱਜ ਕੁਰਾਲੀ ਖੇਤਰ ਦੇ ਵੱਖ ਵੱਖ ਪਿੰਡਾਂ ਸਿੰਘ ਭਗਵੰਤਪੁਰਾ, ਲੁਹਾਰੀ, ਕਾਕਰੋਂ, ਭਾਗੋਮਾਜਰਾ, ਸੀਹੋਂਮਾਜਰਾ ਆਦਿ ਵਿਖੇ ਕੀਤੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਸ੍ਰੀ ਨਨਹੇੜੀਆਂ ਨੇ ਕਿਹਾ ਕਿ ਫਗਵਾੜਾ ਰੈਲੀ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਹਲਕੇ ਤੋਂ ਲਗਪਗ 100 ਗੱਡੀਆਂ ਦਾ ਕਾਫ਼ਲਾ ਮਹਾਰੈਲੀ ਲਈ ਰਵਾਨਾ ਹੋਵੇਗਾ। ਇਸ ਮੌਕੇ ਬਸਪਾ ਦੇ ਸੂਬਾਈ ਮੀਤ ਪ੍ਰਧਾਨ ਹਰਜੀਤ ਸਿੰਘ ਲੌਂਗੀਆ, ਹਲਕਾ ਪ੍ਰਧਾਨ ਨਰਿੰਦਰ ਸਿੰਘ ਬਡਵਾਲੀ, ਜਨਰਲ ਸਕੱਤਰ ਕੁਲਦੀਪ ਸਿੰਘ ਪਪਰਾਲੀ, ਮਨਜੀਤ ਸਿੰਘ ਕਕਰਾਲੀ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਬਸਪਾ ਵੱਲੋਂ ਪਿੰਡ ਸੁੰਡਰਾ ਵਿੱਚ ਸੂਬਾ ਸਕੱਤਰ ਜਗਜੀਤ ਸਿੰਘ ਛੜਬੜ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਸ੍ਰੀ ਛੜਬੜ ਨੇ ਕਿਹਾ ਕਿ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਵੱਲੋਂ ਦਲਿਤ ਭਾਈਚਾਰੇ ਖ਼ਿਲਾਫ਼ ਕਥਿਤ ਜਾਤੀਸੂਚਕ ਸ਼ਬਦ ਵਰਤੇ ਗਏ ਹਨ, ਪਰ ਕਾਂਗਰਸ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।