ਸਿਓਲ, 2 ਦਸੰਬਰ
ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਅੱਜ ਕਿਹਾ ਕਿ ਚੀਨ ਵੱਲੋਂ ਹਾਈਪਰਸੌਨਿਕ ਹਥਿਆਰਾਂ ਲਈ ਕੀਤੀ ਜਾ ਰਹੀ ਭੱਜ-ਦੌੜ ‘ਖੇਤਰ ਵਿਚ ਤਣਾਅ ਵਧਾ ਰਹੀ ਹੈ।’ ਉਨ੍ਹਾਂ ਕਿਹਾ ਕਿ ਚੀਨ ਵੱਲੋਂ ਪੇਸ਼ ਸੰਭਾਵੀ ਖ਼ਤਰਿਆਂ ਦੇ ਟਾਕਰੇ ਲਈ ਅਮਰੀਕਾ ਆਪਣੀ ਸਮਰੱਥਾ ਨੂੰ ਬਰਕਰਾਰ ਰੱਖੇਗਾ। ਆਸਟਿਨ ਨੇ ਇਹ ਟਿੱਪਣੀਆਂ ਸਿਓਲ ਵਿਚ ਕੀਤੀਆਂ ਹਨ। ਇਸ ਤੋਂ ਪਹਿਲਾਂ ਉੱਥੇ ਉਨ੍ਹਾਂ ਆਪਣੇ ਦੱਖਣੀ ਕੋਰਿਆਈ ਹਮਰੁਤਬਾ ਨਾਲ ਗੱਲਬਾਤ ਕੀਤੀ। ਇਹ ਸਾਲਾਨਾ ਸੁਰੱਖਿਆ ਸੰਵਾਦ ਚੀਨ ਤੇ ਉੱਤਰੀ ਕੋਰੀਆ ਤੋਂ ਮਿਲ ਰਹੀਆਂ ਚੁਣੌਤੀਆਂ ਤੇ ਹੋਰ ਮੁੱਦਿਆਂ ਉਤੇ ਕੇਂਦਰਿਤ ਸੀ। ਰਿਪੋਰਟਾਂ ਮੁਤਾਬਕ ਚੀਨ ਨੇ ਜੁਲਾਈ ਵਿਚ ਹਾਈਪਰਸੌਨਿਕ ਹਥਿਆਰ ਦਾ ਪ੍ਰੀਖਣ ਕੀਤਾ ਹੈ। -ਏਪੀ
ਲਾਓਸ ’ਚ ਚੀਨ ਨੇ ਅਰਬਾਂ ਡਾਲਰ ਦੀ ਰੇਲਵੇ ਲਾਈਨ ਉਸਾਰੀ
ਪੇਈਚਿੰਗ: ਚੀਨ, ਵੀਅਤਨਾਮ ਤੇ ਥਾਈਲੈਂਡ ਨਾਲ ਲੱਗਦੇ ਸੱਤਰ ਲੱਖ ਦੀ ਅਬਾਦੀ ਵਾਲੇ ਮੁਲਕ ਲਾਓਸ ਵਿਚ ਚੀਨ ਵੱਲੋਂ ਬਣਾਈ ਗਈ ਰੇਲਵੇ ਲਾਈਨ ਨੂੰ ਖੋਲ੍ਹਿਆ ਜਾ ਰਿਹਾ ਹੈ। ਇਸ ਉਤੇ 5.9 ਅਰਬ ਡਾਲਰ ਦਾ ਖ਼ਰਚ ਆਇਆ ਹੈ। ਇਹ ਪ੍ਰਾਜੈਕਟ ਪੇਈਚਿੰਗ ਦੇ ਬੈਲਟ ਤੇ ਰੋਡ ਉੱਦਮ ਦਾ ਹੀ ਹਿੱਸਾ ਹੈ ਤੇ ਲਾਓਸ ਇਸ ਉਸਾਰੀ ਲਈ ਹੁਣ ਚੀਨ ਦਾ ਕਰਜ਼ਦਾਰ ਹੋ ਗਿਆ ਹੈ।