ਸ੍ਰੀਨਗਰ, 26 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਦੇ ਪੁਲਵਾਮਾ ’ਚ ਫਰਵਰੀ 2019 ’ਚ ਹੋਏ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ ਸੀਆਰਪੀਐੱਫ ਦੇ 40 ਜਵਾਨਾਂ ਨੂੰ ਅੱਜ ਸ਼ਰਧਾਂਜਲੀ ਭੇਟ ਕੀਤੀ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਚਾਰ ਰੋਜ਼ਾ ਦੌਰੇ ’ਤੇ ਆਏ ਸ਼ਾਹ ਨੇ ਪੁਲਵਾਮਾ ਹਮਲੇ ਦੇ ਸ਼ਹੀਦ ਜਵਾਨਾਂ ਦੀ ਯਾਦਗਾਰ ’ਤੇ ਫੁੱਲ ਚੜ੍ਹਾਏ। ਇਸ ਤੋਂ ਪਹਿਲਾਂ ਉਨ੍ਹਾਂ ਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ’ਚ ਹਾਲਾਤ ਪਹਿਲਾਂ ਮੁਕਾਬਲੇ ਕਾਫੀ ਸੁਧਰੇ ਹਨ। ਸ਼ਾਹ ਬੀਤੇ ਦਿਨ ਦਿੱਲੀ ਮੁੜਨ ਵਾਲੇ ਸੀ ਪਰ ਉਨ੍ਹਾਂ ਜੰਮੂ ਕਸ਼ਮੀਰ ਦੇ ਆਪਣੇ ਦੌਰੇ ਨੂੰ ਵਧਾਉਂਦਿਆਂ ਰਾਤ ਨੂੰ ਪੁਲਵਾਮਾ ਦੇ ਲੇਥਪੁਰਾ ’ਚ ਸੀਆਰਪੀਐੱਫ ਦੇ ਕੈਂਪ ’ਚ ਰੁਕਣ ਦਾ ਫ਼ੈਸਲਾ ਕੀਤਾ।
ਸ਼ਾਹ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਟਵੀਟ ਕੀਤਾ, ‘ਪੁਲਵਾਮਾ ਦੇ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ ਸੀਆਰਪੀਐੱਫ ਦੇ ਬਹਾਦੁਰ ਜਵਾਨਾਂ ਨੂੰ ਅੱਜ ਪੁਲਵਾਮਾ ਸ਼ਹੀਦ ਸਮਾਰਕ ’ਤੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਦੇਸ਼ ਦੀ ਰਾਖੀ ਲਈ ਆਪਣਾ ਸਮਰਪਣ ਤੇ ਸਭ ਤੋਂ ਵੱਡੀ ਕੁਰਬਾਨੀ ਅਤਿਵਾਦ ਦੇ ਮੁਕੰਮਲ ਖਾਤਮੇ ਪ੍ਰਤੀ ਸਾਡੇ ਇਰਾਦੇ ਨੂੰ ਹੋਰ ਮਜ਼ਬੂਤ ਕਰਦੀ ਹੈ। ਵੀਰ ਸ਼ਹੀਦਾਂ ਨੂੰ ਪ੍ਰਣਾਮ।’ ਉਨ੍ਹਾਂ ਇੱਥੇ ਸ਼ਹੀਦਾਂ ਦੀ ਯਾਦ ’ਚ ਪੌਦਾ ਵੀ ਲਾਇਆ। ਗ੍ਰਹਿ ਮੰਤਰੀ ਨੇ ਟਵੀਟ ਕੀਤਾ, ‘ਪੁਲਵਾਮਾ ਦੇ ਸ਼ਹੀਦ ਸਮਾਰਕ ’ਤੇ ਸਾਡੇ ਸ਼ਹੀਦਾਂ ਦੀ ਯਾਦ ’ਚ ਪੌਦਾ ਲਾਇਆ।’ ਇਸ ਤੋਂ ਪਹਿਲਾਂ ਲੰਘੀ ਰਾਤ ਸ਼ਾਹ ਨੇ ਸੀਆਰਪੀਐੱਫ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਤਿਵਾਦ ਖ਼ਿਲਾਫ਼ ਮੋਦੀ ਸਰਕਾਰ ਦੀ ਨੀਤੀ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਹੈ। ਉਨ੍ਹਾਂ ਕਿਹਾ, ‘ਹਾਲਾਂਕਿ ਜੰਮੂ ਕਸ਼ਮੀਰ ’ਚ ਹਾਲਾਤ ਕਾਫੀ ਸੁਧਰੇ ਹਨ ਪਰ ਫਿਰ ਵੀ ਜਦੋਂ ਤੱਕ ਪੂਰੀ ਤਰ੍ਹਾਂ ਸ਼ਾਂਤੀ ਬਹਾਲ ਨਾ ਹੋ ਜਾਵੇ, ਉਦੋਂ ਤੱਕ ਸਾਨੂੰ ਸੰਤੁਸ਼ਟ ਨਹੀਂ ਹੋਣਾ ਚਾਹੀਦਾ।’ ਸ਼ਾਹ ਨੇ ਕਿਹਾ, ‘ਮੈਂ ਇੱਕ ਰਾਤ ਤੁਹਾਡੇ ਨਾਲ ਗੁਜ਼ਾਰਨਾ ਚਾਹੁੰਦਾ ਹਾਂ ਤੇ ਤੁਹਾਡੀਆਂ ਸਮੱਸਿਆਵਾਂ ਸਮਝਣਾ ਚਾਹੁੰਦਾ ਹਾਂ।’
ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਉਨ੍ਹਾਂ ਦੇ ਦੌਰੇ ਦੌਰਾਨ ਇਹ ਸਭ ਤੋਂ ਅਹਿਮ ਪੜਾਅ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ’ਚ ਅਮਨ ਕਾਨੂੰਨ ਦੀ ਸਥਿਤੀ ਕਾਫੀ ਹੱਦ ਤੱਕ ਸੁਧਰੀ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਉਹ ਆਪਣੀ ਜ਼ਿੰਦਗੀ ’ਚ ਅਮਨ-ਅਮਾਨ ਭਰਿਆ ਜੰਮੂ ਕਸ਼ਮੀਰ ਦੇਖ ਸਕਣਗੇ ਜਿਸ ਦਾ ਸੁਫ਼ਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਖਿਆ ਹੈ। -ਪੀਟੀਆਈ