ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਕਰੋਨਾ ਕੇਅਰ ਸੈਂਟਰ ਵਿਚ ਬਣੀ ਵੀਡੀਓ ਨੂੰ 6 ਜੂਨ ਦੇ ਘੱਲੂਘਾਰਾ ਦਿਵਸ ਨਾਲ ਜੋੜ ਕੇ ਮਨਜੀਤ ਸਿੰਘ ਜੀ ਕੇ ਨੇ ਸਿੱਖ ਕੌਮ ਨਾਲ ਬਹੁਤ ਵੱਡਾ ਧ੍ਰੋਹ ਕਮਾਇਆ ਹੈ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਲਕਾ ਨੇ ਦੱਸਿਆ ਕਿ ਇਹ ਵੀਡੀਓ 10 ਦਿਨ ਪਹਿਲਾਂ ਕਰੋਨਾ ਕੇਅਰ ਸੈਂਟਰ ਵਿਚ ਡਾਕਟਰਾਂ ਵੱਲੋਂ ਥੈਰੇਪੀ ਵਜੋਂ ਬਣਾਈ ਗਈ ਸੀ, ਜੋ ਸਿਰਫ਼ ਛੇ ਮਿੰਟ ਦੀ ਹੀ ਬਣੀ ਸੀ। ਇਸ ਮਗਰੋਂ ਕਮੇਟੀ ਪ੍ਰਬੰਧਕਾਂ ਨੂੰ ਪਤਾ ਲੱਗਣ ‘ਤੇ ਉਨ੍ਹਾਂ ਨੇ ਤੁਰੰਤ ਨਾ ਸਿਰਫ ਇਹ ਵੀਡੀਓ ਰੋਕੀ ਬਲਕਿ ਡਾਕਟਰਾਂ ਨੂੰ ਇਹ ਵੀ ਦੱਸਿਆ ਕਿ ਅਜਿਹਾ ਨਹੀਂ ਕਰਨਾ। ਸ੍ਰੀ ਕਾਲਕਾ ਨੇ ਦੱਸਿਆ ਕਿ ਕਰੋਨਾ ਕੇਅਰ ਸੈਂਟਰ ਵਿਚ ਗੁਰਬਾਣੀ ਸ਼ਬਦਾਂ ਦੇ ਨਾਲ ਮਰੀਜ਼ਾਂ ਦੇ ਮਨ ਪੱਕੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਫਿਰ ਵੀ ਬਤੌਰ ਪ੍ਰਬੰਧਕ ਜੋ ਕੁਝ ਵੀ ਹੋਇਆ ਜੇਕਰ ਉਸ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਜੀ ਕੇ ਵੱਲੋਂ ਕਰੋਨਾ ਕੇਅਰ ਸੈਂਟਰ ਦਾ ਨਾਂ ਲੈਣ ਦੀ ਥਾਂ ‘ਗੁਰਦੁਆਰਾ ਸਾਹਿਬ’ ਦਾ ਨਾਂ ਲੈਣਾ ਹੀ ਉਨ੍ਹਾਂ ਦੀ ਘਟੀਆ ਰਾਜਨੀਤੀ ਨੂੰ ਬੇਨਕਾਬ ਕਰਦਾ ਹੈ। ਉਨ੍ਹਾਂ ਕਿਹਾ ਕਿ 10 ਮਈ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ‘ਤੇ ਕਰੋਨਾ ਕੇਅਰ ਸੈਂਟਰ ਸ਼ੁਰੂ ਕੀਤਾ ਗਿਆ ਸੀ, ਉਸ ਦਿਨ ਤੋਂ ਵਿਰੋਧੀਆਂ ਨੇ ਦੋਸ਼ ਲਾਉਣ ਦਾ ਦੌਰ ਸ਼ੁਰੂ ਕੀਤਾ ਹੋਇਆ। ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਵੀਡੀਓ ਨੂੰ ਗੰਦੀ ਰਾਜਨੀਤੀ ਕਰਨ ਵਾਸਤੇ ਵਰਤਿਆ ਗਿਆ, ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ। ਉਨ੍ਹਾਂ ਵੱਲੋਂ ਇੱਕ ਮਹਿਲਾ ਪੱਤਰਕਾਰ ਨਾਲ ਕਥਿਤ ਬਦਸਲੂਕੀ ਲਈ ਮੁਆਫ਼ੀ ਵੀ ਮੰਗੀ ਗਈ।