ਕੁਲਦੀਪ ਸਿੰਘ
ਚੰਡੀਗੜ੍ਹ, 16 ਮਾਰਚ
ਕੇਂਦਰ ਸਰਕਾਰ ਦੀ ਬਜਟ ਮੀਟਿੰਗ ਵਿੱਚ ਪਬਲਿਕ ਸੈਕਟਰ ਦੇ ਬੈਂਕਾਂ ਦੇ ਨਿੱਜੀਕਰਨ ਦੀ ਤਜਵੀਜ਼ ਖਿਲਾਫ਼ ਬੈਂਕ ਮੁਲਾਜ਼ਮਾਂ ਦੀ ਹੜਤਾਲ ਅੱਜ ਦੂਸਰੇ ਦਿਨ ਵੀ ਜਾਰੀ ਰਹੀ। ਇਸ ਤਹਿਤ ਟ੍ਰਾਈਸਿਟੀ ਵਿੱਚ 500 ਦੇ ਕਰੀਬ ਬੈਂਕਾਂ ਦੇ ਮੁਲਾਜ਼ਮਾਂ ਨੇ ਪੂਰਾ ਦਿਨ ਕੰਮ ਕਾਜ ਠੱਪ ਕਰਕੇ ਸਰਕਾਰ ਖਿਲਾਫ਼ ਰੋਸ ਰੈਲੀਆਂ ਕੀਤੀਆਂ।
ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ (ਯੂ.ਐਫ.ਬੀ.ਯੂ.) ਦੇ ਚੰਡੀਗੜ੍ਹ ਇਕਾਈ ਦੇ ਕਨਵੀਨਰ ਸੰਜੇ ਸ਼ਰਮਾ ਅਤੇ ਜਨਰਲ ਸਕੱਤਰ ਦੀਪਕ ਸ਼ਰਮਾ ਨੇ ਸੈਕਟਰ 17 ਚੰਡੀਗੜ੍ਹ ਵਿੱਚ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸਰਕਾਰ ਦੀ ਨਿੱਜੀਕਰਨ ਦੀ ਨੀਤੀ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਪਬਲਿਕ ਸੈਕਟਰ ਦੇ ਬੈਂਕਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪ ਦਿੰਦੀ ਹੈ ਤਾਂ ਇਸ ਦਾ ਸਿਰਫ਼ ਬੈਂਕ ਕਰਮਚਾਰੀਆਂ ਜਾਂ ਅਧਿਕਾਰੀਆਂ ਨੂੰ ਹੀ ਨਹੀਂ ਬਲਕਿ ਪੂਰੇ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ। ਪ੍ਰਾਈਵੇਟ ਬੈਂਕਾਂ ਤੱਕ ਆਮ ਵਿਅਕਤੀ ਦੀ ਪਹੁੰਚ ਹੋਣੀ ਅਸੰਭਵ ਨਹੀਂ ਨਾਮੁਮਕਿਨ ਹੈ।
ਉਨ੍ਹਾਂ ਕਿਹਾ ਕਿ ਜੇਕਰ ਪਬਲਿਕ ਸੈਕਟਰ ਦੇ ਬੈਂਕ ਬਚਣਗੇ ਤਾਂ ਹੀ ਦੇਸ਼ ਬਚੇਗਾ ਨਹੀਂ ਤਾਂ ਕਾਰਪੋਰੇਟ ਘਰਾਣਿਆਂ ਦੇ ਹੱਥੀਂ ਦੇਸ਼ ਦੀ ਬਰਬਾਦੀ ਹੋਣੀ ਲਗਭਗ ਤੈਅ ਹੈ। ਉਨ੍ਹਾਂ ਮੰਗ ਕੀਤੀ ਕਿ ਪਬਲਿਕ ਸੈਕਟਰ ਦੇ ਬੈਂਕਾਂ ਨੂੰ ਨਿਜੀਕਰਨ ਕਰਨ ਦੀ ਤਜਵੀਜ਼ ਤੁਰੰਤ ਰੱਦ ਕੀਤੀ ਜਾਵੇ। ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਇਸ ਖਿਲਾਫ਼ ਹੋਰ ਵੀ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਅੱਜ ਦੀ ਰੋਸ ਰੈਲੀ ਵਿੱਚ ਬੈਂਕ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਅਤੇ ਕੇਂਦਰੀ ਵਿੱਤ ਮੰਤਰੀ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਪਬਲਿਕ ਸੈਕਟਰ ਬੈਕਾਂ ਦੇ ਨਿੱਜੀਕਰਨ ਦਾ ਵਿਰੋਧ ਕੀਤਾ।