ਸਰਬਜੀਤ ਸਿੰਘ ਭੰਗੂ
ਸਨੌਰ (ਪਟਿਆਲਾ), 23 ਨਵੰਬਰ
ਕੇਂਦਰ ਸਰਕਾਰ ਵੱਲੋਂ ਥੋਪੇ ਗਏ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਜਪਾ ਨਾਲ਼ੋਂ ਸਾਂਝ ਤੋੜ ਕੇ ਕਿਸਾਨਾਂ ਦੀ ਹਮਾਇਤ ’ਚ ਸੰਘਰਸ਼ ਵਿੱਚ ਕੁੱਦੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹਲਕਾ ਸਨੌਰ ਤੋਂ ‘ਪੰਜਾਬ ਬਚਾਓ ਸੰਮੇਲਨ’ ਦੀ ਸ਼ੁਰੂਆਤ ਕਰਦਿਆਂ ਸਮੁੱਚੇ ਪੰਜਾਬੀਆਂ ਨੂੰ ਇਸ ਘੋਲ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਇਸ ਦੌਰਾਨ ‘ਪੰਜਾਬੀ ਏਕਤਾ ਜ਼ਿੰਦਾਬਾਦ’ ਦਾ ਨਾਅਰਾ ਬੁਲੰਦ ਕੀਤਾ ਗਿਆ। ਇਸ ਮੌਕੇ ਐੱਮਐੱਸਪੀ ਨੂੰ ਮੌਲਿਕ ਅਧਿਕਾਰਾਂ ਦੀ ਸੂਚੀ ’ਚ ਸ਼ਾਮਲ ਕਰਨ ਸਮੇਤ ਪੰਜ ਮਤੇ ਵੀ ਪੇਸ਼ ਕੀਤੇ ਗਏ। ਦੇਵੀਗੜ੍ਹ ਰੋਡ ’ਤੇ ਸਥਿਤ ਹਲਕਾ ਸਨੌਰ ਅਧੀਨ ਪੈਂਦੇ ਪ੍ਰੇਮ ਬਾਗ਼ ਪੈਲੇਸ ਵਿੱਚ ਸਨੌਰ ਦੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਹੋਏ ਇਸ ਪਲੇਠੇ ਸੰਮੇਲਨ ਦੇ ਮੁੱਖ ਬੁਲਾਰੇ ਉੱਚ ਅਕਾਲੀ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਨ। ਉਨ੍ਹਾਂ ਦਾਅਵਾ ਕੀਤਾ ਕਿ ‘ਐੱਮਐੱਸਪੀ ਨੂੰ ਬੁਨਿਆਦੀ ਹੱਕ ਵਜੋਂ ਯਕੀਨੀ ਬਣਾਉਣ ਦੀ ਮੰਗ ਸਭ ਤੋਂ ਪਹਿਲਾਂ ਉਨ੍ਹਾਂ ਨੇ ਚੁੱਕੀ ਸੀ। ਸਾਲ ਪਹਿਲਾਂ ਹੋਏ ਅਕਾਲੀ ਦਲ ਦੇ ਜਨਰਲ ਇਜਲਾਸ ਦੌਰਾਨ ਇਹ ਮਤਾ ਉਨ੍ਹਾਂ ਨੇ ਹੀ ਰੱਖਿਆ ਸੀ ਕਿ ਐੱਮਐੱਸਪੀ ਮੌਲਿਕ ਅਧਿਕਾਰਾਂ ਦੀ ਸੂਚੀ ’ਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੀ ਆੜੇ ਹੱਥੀਂ ਲਿਆ। ਚੰਦੂਮਾਜਰਾ ਨੇ ਕਿਹਾ ਕਿ ਪੰਜਾਬੀ ਭਾਈਚਾਰਾ ਮੁਗ਼ਲਾਂ ਵਾਂਗ ਮੋਦੀ ਹਕੂਮਤ ਦੇ ਵੀ ਸਾਰੇ ਭੁਲੇਖੇ ਦੂਰ ਕਰ ਦੇਵੇਗਾ ਤੇ ਮੋਦੀ ਸਰਕਾਰ ਨੂੰ ਝੁਕਣਾ ਪਵੇਗਾ। ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰੰਘ ਪੰਜੋਲੀ ਨੇ ਕੇਂਦਰ ਸਰਕਾਰ ਨੂੰ ਪੰਜਾਬ ਨਾਲ਼ ਮੱਥਾ ਲਾਉਣ ਤੋਂ ਵਰਜਦਿਆਂ ਕਿਹਾ ਕਿ ਕੇਂਦਰੀ ਹਕੂਮਤ ਨੂੰ ਹੁਣ ਹੱਠ ਤਿਆਗ ਦੇਣੀ ਚਾਹੀਦੀ ਹੈ ਕਿਉਂਕਿ ਪੰਜਾਬੀ ਇਕਮੁੱਠ ਹੋ ਕੇ ਤੁਰ ਪਏ ਹਨ।
ਇਸ ਤੋਂ ਪਹਿਲਾਂ ਹਲਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਹੁਣ ਤਕ ਖੇਤੀ ਬਿੱਲਾਂ ਸਬੰਧੀ ਪੰਜਾਬ ਦਾ ਵਿਰੋਧ ਵੀ ਕੇਂਦਰ ਕੋਲ ਦਰਜ ਨਹੀਂ ਕਰਵਾ ਸਕੇ। ਅਕਾਲੀ ਨੇਤਾ ਜਗਜੀਤ ਸਿੰਘ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਦੋਹਰੇ ਮਾਪਦੰਡ ਅਪਣਾ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਨੇ ਪੰਜਾਬ ਦੇ ਧਾਰਮਿਕ ਪੱਖ ਬਾਰੇ ਚਰਚਾ ਕੀਤੀ।ਇਸ ਮੌਕੇ ਬਾਜ਼ੀਗਰ ਭਾਈਚਾਰੇ ਦੇ ਆਗੂ ਮੱਖਣ ਸਿੰਘ ਲਾਲਕਾ, ਅਵਤਾਰ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ।