ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਥਾਣਾ ਆਦਮਪੁਰ ਅਧੀਨ ਆਉਂਦੀ ਪੁਲੀਸ ਚੌਕੀ ਅਲਾਵਲਪੁਰ ਵੱਲੋਂ ਕੁੱਝ ਵਿਅਕਤੀਆਂ ’ਤੇ ਨਾਜਾਇਜ਼ ਝੂਠੇ ਪਰਚੇ ਦਰਜ ਕਰਨ ਸਬੰਧੀ ਬਲਵਿੰਦਰ ਕੁਮਾਰ ਜ਼ਿਲ੍ਹਾ ਇੰਚਾਰਜ ਬਸਪਾ ਦੀ ਅਗਵਾਈ ਹੇਠ ਚੌਕੀ ਅੰਦਰ ਧਰਨਾ ਲਾ ਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਲਵਿੰਦਰ ਕੁਮਾਰ, ਮਾਸਟਰ ਰਾਮ ਲੁਭਾਇਆ, ਨਰਿੰਦਰ ਸਿੰਘ, ਕੌਸਲਰ ਮਦਨ ਮੱਦੀ, ਕੌਸਲਰ ਰਾਮ ਰਤਨ ਪੱਪੀ ਸੀਨੀਅਰ ਬਸਪਾ ਆਗੂ ਨੇ ਦੱਸਿਆ ਕਿ ਕਾਂਗਰਸ ਸਰਕਾਰ ਵਿਚ ਕਾਂਗਰਸੀ ਦੀ ਸ਼ਹਿ ’ਤੇ ਅਲਾਵਲਪੁਰ ਪੁਲੀਸ ਵੱਲੋਂ ਨਾਜਾਇਜ਼ ਝੂਠੇ ਪਰਚੇ ਕੀਤੇ ਜਾ ਰਹੇ ਹਨ। ਕਾਂਗਰਸ ਦੇ ਸਾਬਕਾ ਵਿਧਾਇਕ ਦੀ ਸ਼ਹਿ ਉੱਤੇ ਪੁਲੀਸ ਵੱਲੋਂ ਬਿਨਾਂ ਜਾਂਚ ਕੀਤੇ ਕਰੀਬ 14 ਵਿਅਕਤੀਆਂ ਸਮੇਤ ਪਰਿਵਾਰਾਂ ’ਤੇ ਵੱਖ -ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਜੇ ਝੂਠਾ ਪਰਚਾ ਜਲਦੀ ਖਾਰਜ ਨਾ ਕੀਤਾ ਗਿਆ ਤਾਂ ਫਿਰ ਥਾਣਾ ਆਦਮਪੁਰ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਥਾਣਾ ਮੁਖੀ ਰਾਜੀਵ ਕੁਮਾਰ ਆਦਮਪੁਰ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਕੁਝ ਵਿਅਕਤੀਆਂ ਖ਼ਿਲਾਫ਼ ਪ੍ਰਵਾਸੀ ਦਿਨੇਸ਼ ਰਿਸ਼ੀ ਪੁੱਤਰ ਰਾਮ ਬਾਲਕ ਵਾਸੀ ਡੇਰਾ ਮਾੜੀ ਥਾਣਾ ਕਿਸ਼ਨਗੰਜਾ ਬਿਹਾਰ ਦੀ ਐੱਮਐੱਲਆਰ ’ਤੇ ਕੇਸ ਦਰਜ ਹੋਇਆ ਸੀ। ਇਸ ਵਿਚ ਕਿਸੇ ਵਿਆਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਪਰ ਹੁਣ ਇਸ ਮਾਮਲੇ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ। ਜੋ ਮੁਲਜ਼ਮ ਪਾਇਆ ਗਿਆ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।