ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ,13 ਮਈ
ਅਨਾਜ ਮੰਡੀ ਦੂਧਨਸਾਧਾਂ ’ਚ 90 ਹਜ਼ਾਰ ਦੇ ਕਰੀਬ ਕੱਟੇ ਕਣਕ ਦੇ ਪਏ ਹਨ ਜੋ ਕਿ ਪਨਸਪ ਵੱਲੋਂ ਅਜੇ ਤੱਕ ਨਹੀਂ ਚੁੱਕੇ ਗਏ ਜੋ ਕਿ ਬਰਸਾਤ ਪੈਣ ’ਤੇ ਖਰਾਬ ਹੋ ਰਹੇ ਹਨ.ਇਸ ਸਬੰਧੀ ਅਨਾਜ ਮੰਡੀ ਦੁਧਨਸਾਧਾਂ ’ਚ ਮੰਡੀ ਦੇ ਬਹੁਤ ਸਾਰੇ ਆੜ੍ਹਤੀਆਂ ਦੀ ਮੀਟਿੰਗ ਹੋਈ। ਕਣਕ ਸਮੇਂ ਮੀਂਹ ਨਾਲ ਖਰਾਬ ਹੋ ਰਹੀ ਹੈ ਅਤੇ ਨਾਲੇ ਇਸ ਕਣਕ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਆੜ੍ਹਤੀਆਂ ’ਤੇ ਆਉਣੀ ਹੈ। ਦੂਜੇ ਪਾਸੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਇਸ ਮੰਡੀ ਵਿੱਚੋਂ ਹੋਰ ਖਰੀਦ ਏਜੰਸੀਆਂ ਜ਼ਿਆਦਾਤਰ ਕਣਕ ਚੁੱਕ ਲਈ ਹੈ ਪਰ ਪਨਸਪ ਦੀ ਪਈ ਹੈ। ਅਨਾਜ ਮੰਡੀ ਦੂਧਨਸਾਧਾਂ ਦੇ ਪ੍ਰਧਾਨ ਚੰਦਰ ਦੱਤ ਸ਼ਰਮਾ ਨੇ ਪਨਸਪ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮੰਡੀ ਵਿਚੋਂ ਕਣਕ ਜਲਦੀ ਚੁੱਕਵਾਈ ਜਾਵੇ ਤਾਂ ਕਿ ਆੜ੍ਹਤੀਆਂ ਦੀ ਜ਼ਿੰਮੇਵਾਰੀ ਖਤਮ ਹੋਵੇ। ਇਸ ਮੀਟਿੰਗ ਵਿੱਚ ਬੀਰ ਦਵਿੰਦਰ ਸਿੰਘ ਖੰਨਾ, ਬੱਬੂ ਘੜਾਮ, ਬਾਲ ਕ੍ਰਿਸ਼ਨ, ਜਸਵਿੰਦਰ ਸਿੰਘ, ਲਖਵਿੰਦਰ ਸਿੰਘ ਰਤਨ ਰਾਮ, ਮਦਨ ਕਮਾਲ, ਵਿਨੋਦ ਕੁਮਾਰ, ਜੰਗ ਸਿੰਘ ਸਾਬਕਾ ਪ੍ਰਧਾਨ, ਧਰਮਪਾਲ ਆਦਿ ਮੌਜੂਦ ਸਨ। ਇਸ ਬਾਰੇ ਪਨਸਪ ਦੇ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਤੋਂ ਜਦੋਂ ਜਾਨਣਾ ਚਾਹਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਕਣਕ ਸਿੱਧੀ ਰੇਲ ਗੱਡੀ ਰਾਹੀਂ ਬਾਹਰ ਜਾਣੀ ਸੀ ਪਰ ਇਸ ਵਿੱਚ ਕੁੱਝ ਰੁਕਾਵਟ ਆਉਣ ਕਰਕੇ ਇਹ ਕਣਕ ਰੁੱਕ ਗਈ ਸੀ ਪਰ ਹੁਣ ਇਸ ਕਣਕ ਨੂੰ ਜਲਦ ਲਗਵਾ ਦਿੱਤਾ ਜਾਵੇਗਾ।