ਪੱਤਰ ਪ੍ਰੇਰਕ
ਹੁਸ਼ਿਆਰਪੁਰ, 10 ਅਪਰੈਲ
ਜ਼ਿਲ੍ਹਾ ਪੁਲੀਸ ਨੇ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਚੋਰੀ ਦੇ ਵਾਹਨ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਰਾਜੂ ਬੇਲਾ ਮੀਆਂ ਭੈਣੀ ਖਾਂ ਅਤੇ ਵਿੱਕੂ ਵਾਸੀ ਦਾਣਾ ਮੰਡੀ ਧਾਰੀਵਾਲ ਵਜੋਂ ਹੋਈ ਹੈ।
ਪੁਲੀਸ ਕਪਤਾਨ (ਜਾਂਚ) ਹੁਸ਼ਿਆਰਪੁਰ ਮੁਖਤਿਆਰ ਰਾਏ ਨੇ ਦੱਸਿਆ ਕਿ ਮੁਕੇਰੀਆਂ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਮਨਪ੍ਰੀਤ ਸਿੰਘ ਨੇ ਪੁੱਛਗਿੱਛ ਕਰਨ ’ਤੇ ਵੱਖ-ਵੱਖ ਥਾਵਾਂ ’ਤੇ ਚੋਰੀ ਦੀਆਂ ਵਾਰਦਾਤਾਂ ਕਬੂਲੀਆਂ ਹਨ। ਉਸ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਦੂਜੇ ਕਥਿਤ ਦੋਸ਼ੀ ਵਿੱਕੂ ਕੋਲੋਂ ਚੋਰੀ ਦੀਆਂ ਸੋਨੇ ਦੀਆਂ ਬਾਲੀਆਂ ਬਰਾਮਦ ਹੋਈਆਂ ਹਨ। ਪੁਲੀਸ ਕਪਤਾਨ ਨੇ ਦੱਸਿਆ ਕਿ ਮੁਲਜ਼ਮਾਂ ਦਾ ਇੱਕ ਸਾਥੀ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਚੋਰੀ ਦੇ ਕੇਸ ਹੱਲ, ਸਾਮਾਨ ਬਰਾਮਦ
ਭੁਲੱਥ: ਬੇਗੋਵਾਲ ਪੁਲੀਸ ਨੇ ਪਿਛਲੇ ਦਿਨੀਂ ਹੋਈਆਂ ਚੋਰੀਆਂ ਦੇ ਕੇਸ ਹੱਲ ਕਰਦਿਆਂ ਚੋਰਾਂ ਨੂੰ ਕਾਬੂ ਕਰ ਕੇ ਚੋਰੀ ਕੀਤਾ ਮਾਲ ਬਰਾਮਦ ਕਰ ਲਿਆ ਹੈ। ਇਸ ਸਬੰਧੀ ਡੀਐੱਸਪੀ ਭੁਲੱਥ ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ ਬੀਤੇ ਦਿਨੀਂ ਬੇਗੋਵਾਲ ਦੇ ਵਾਰਡ ਨੰਬਰ 6 ਵਿੱਚ ਰਹਿੰਦੇ ਮਨੀਸ਼ ਕੁਮਾਰ ਦੇ ਘਰ ਚੋਰੀ ਹੋਈ ਸੀ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਬੇਗੋਵਾਲ ਬਲਵਿੰਦਰ ਸਿੰਘ ਭੁੱਲਰ ਵੱਲੋਂ ਕੀਤੀ ਗਈ ਜਾਂਚ ਦੌਰਾਨ ਹੰਸ ਰਾਜ ਵਾਸੀ ਵਾਰਡ ਨੰਬਰ 10, ਬੇਗੋਵਾਲ ਨੇ ਚੋਰੀ ਕਬੂਲ ਕਰ ਲਈ ਜਿਸਦੀ ਸ਼ਨਾਖਤ ’ਤੇ ਪੁਲੀਸ ਨੇ ਤਿੰਨ ਮੁਲਜ਼ਮਾਂ- ਅਨਿਲ ਕੁਮਾਰ, ਲਵਪ੍ਰੀਤ ਸਿੰਘ ਅਤੇ ਸੁਨਿਆਰਾ ਰਾਜੇਸ਼ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। – ਪੱਤਰ ਪ੍ਰੇਰਕ