ਜੋਗਿੰਦਰ ਸਿੰਘ ਮਾਨ
ਮਾਨਸਾ, 5 ਨਵੰਬਰ
ਧੁੰਦ ਅਤੇ ਧੂੰਏਂ ਨੇ ਝੋਨੇ ਨੂੰ ਮੰਡੀਆਂ ’ਚ ਲੈ ਕੇ ਆ ਰਹੇ ਕਿਸਾਨਾਂ ਲਈ ਵੱਡੀ ਸਿਰਦਰਦੀ ਸਹੇੜ ਧਰੀ ਹੈ। ਕਿਸਾਨਾਂ ਦੇ ਝੋਨੇ ’ਚ ਹੁਣ ਅਜਿਹੀ ਸਿੱਲ ਵੜੀ ਹੈ ਕਿ ਉਹ ਹੁਣ ਧੁੱਪ ਤੋਂ ਬਿਨਾਂ ਨਿੱਕਲ ਨਹੀਂ ਰਹੀ, ਜਦੋਂ ਕਿ ਮੰਡੀਆਂ ਵਿਚ ਸ਼ੈਲਰ ਮਾਲਕਾਂ ਦੀ ਦਖਲਅੰਦਾਜ਼ੀ ਵਧਣ ਕਾਰਨ ਝੋਨੇ ਦੀਆਂ ਢੇਰੀਆਂ ਬਿਨਾਂ ਬੋਲੀਆਂ ਤੋਂ ਮੰਡੀਆਂ ਦਾ ਸ਼ਿੰਗਾਰ ਬਣਨ ਲੱਗੀਆਂ ਹਨ। ਉਧਰ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਆਉਣ ਵਾਲੇ ਚਾਰ-ਪੰਜ ਦਿਨਾਂ ਦੌਰਾਨ ਮੌਸਮ ਆਮ ਤੌਰ ’ਤੇ ਖੁਸ਼ਕ ਰਹਿਣ ਦੀ ਸੰਭਾਵਨਾ ਵਾਲਾ ਦੱਸਿਆ ਹੈ ਅਤੇ ਉਸ ਤੋਂ ਬਾਅਦ ਕੁਝ ਕੁ ਥਾਵਾਂ ’ਤੇ ਦਰਮਿਆਨੀ ਤੇ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ, ਜਿਸ ਸਬੰਧੀ ਕਿਸਾਨਾਂ ਵਿਚ ਅਗਲੇ ਦਿਨਾਂ ਦੌਰਾਨ ਝੋਨੇ ਦੀ ਬੋਲੀ ਨਾ ਲੱਗਣ ਦਾ ਧੁੜਕੂ ਖੜ੍ਹਾ ਹੋ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਅਤੇ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਦੋਸ਼ ਲਾਇਆ ਕਿ ਖਰੀਦ ਇੰਸਪੈਕਟਰ ਸ਼ੈਲਰ ਮਾਲਕਾਂ ਨਾਲ ਮਿਲਕੇ ਬੋਲੀ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕਾਂ ਦੀ ਵਧੀ ਦਖਲਅੰਦਾਜ਼ੀ ਤੋਂ ਦੁਖੀ ਹੋਏ ਕਿਸਾਨ ਮੰਡੀਆਂ ’ਚੋ ਝੋਨਾ ਵਾਪਸ ਲਿਜਾਣ ਲਈ ਮਜਬੂਰ ਹੋ ਰਹੇ ਹਨ।
ਉਧਰ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਮੌਸਮ ਨੂੰ ਦੇਖਦੇ ਝੋਨੇ ਦੀ ਸਿੱਲ ਮਾਤਰਾ ਵਧਾਈ ਜਾਵੇ, ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਘੱਟ ਜਾਣ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਝੋਨੇ ਦੀ ਲਗਾਤਾਰ ਖਰੀਦ ਹੋ ਰਹੀ ਹੈ ਅਤੇ ਨਾਲੋਂ-ਨਾਲ ਲਿਫਟਿੰਗ ਦਾ ਕੰਮ ਵੀ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ।