ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਜੁਲਾਈ
ਸਰਕਾਰ ਵੱਲੋਂ ਪਿਛਲੇ ਦਿਨੀਂ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਕਥਿਤ ਤੌਰ ’ਤੇ ਨਜ਼ਰਅੰਦਾਜ਼ ਕਰਨ ਦਾ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਇਕਾਈ ਨੇ ਸਖ਼ਤ ਨੋਟਿਸ ਲਿਆ ਹੈ। ਇਸ ਸਿਲਸਿਲੇ ਵਿੱਚ ਜੱਥੇਬੰਦੀ ਦੀ ਸੂਬਾ ਇਕਾਈ ਦੀ ਮੀਟਿੰਗ ਵਿੱਚ ਪਾਸ ਮਤੇ ਅਨੁਸਾਰ ਜੱਥੇਬੰਦੀ 21 ਜੁਲਾਈ ਨੂੰ ਪੰਜਾਬ ਭਰ ਦੇ ਜ਼ਿਲ੍ਹਾ ਪ੍ਰਸ਼ਾਸਕੀ ਦਫ਼ਤਰਾਂ ਅੱਗੇ ਧਰਨੇ ਲਾਵੇਗੀ। ਇਸ ਸੰਘਰਸ਼ ਦੀ ਅਗਲੀ ਕੜੀ ਵਜੋਂ ਜੱਥੇਬੰਦੀ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਦਿਆਂ ਸੰਗਰੂਰ ਵਿੱਚ ਮੁੱਖ ਮੰਤਰੀ ਦੇ ਨਿਵਾਸ ਵੱਲ ਮਾਰਚ ਵੀ ਕੀਤਾ ਜਾਵੇਗਾ। ਇਨ੍ਹਾਂ ਦੋਵਾਂ ਪ੍ਰੋਗਰਾਮਾਂ ਦੀ ਤਿਆਰੀ ਲਈ ਡੀਟੀਐਫ਼ ਦੀ ਜ਼ਿਲ੍ਹਾ ਕਮੇਟੀ ਨੇ ਅੱਜ ਇੱਥੇ ਮੀਟਿੰਗ ਕੀਤੀ। ਜੱਥੇਬੰਦੀ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਦਲਜੀਤ ਸਮਰਾਲਾ ਨੇ ਦੱਸਿਆ ਕਿ ਮੀਟਿੰਗ ਵਿੱਚ ਪਾਸ ਮਤੇ ਅਨੁਸਾਰ ਜੱਥੇਬੰਦੀ 21 ਜੁਲਾਈ ਨੂੰ ਜ਼ਿਲ੍ਹਾ ਪ੍ਰਸ਼ਾਸਕੀ ਦਫ਼ਤਰ ਲੁਧਿਆਣਾ ਦੇ ਬਾਹਰ ਰੋਸ ਧਰਨਾ ਦੇਵੇਗੀ ਅਤੇ 7 ਅਗਸਤ ਦੇ ਸੰਗਰੂਰ ਵਿੱਚ ਰੋਸ ਮਾਰਚ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।