ਦਵਿੰਦਰ ਪਾਲ
ਚੰਡੀਗੜ੍ਹ, 10 ਮਈ
ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੀ ਅਤਿ ਸੁਰੱਖਿਆ ਵਾਲੀ ਇਮਾਰਤ ’ਤੇ ਹਮਲੇ ਨੇ ਪੁਲੀਸ ਸੁਰੱਖਿਆ ਦੀ ਹੀ ਪੋਲ ਨਹੀਂ ਖੋਲ੍ਹੀ ਸਗੋਂ ਪੁਲੀਸ ਨੂੰ ਵੱਡੀ ਚੁਣੌਤੀ ਵੀ ਦਿੱਤੀ ਹੈ। ਸੂਬੇ ਵਿੱਚ 80ਵਿਆਂ ਤੋਂ ਲੈ ਕੇ 90ਵਿਆਂ ਦੇ ਅੱਧ ਤੱਕ ਚੱਲੇ ਅਤਿਵਾਦ ਦੌਰਾਨ ਵੀ ਕੋਈ ਅਤਿਵਾਦੀ ਜਥੇਬੰਦੀ ‘ਰਾਕੇਟ ਲਾਂਚਰ’ ਨਾਲ ਪੁਲੀਸ ਇਮਾਰਤ ਜਾਂ ਪੁਲੀਸ ਅਧਿਕਾਰੀ ਨੂੰ ਨਿਸ਼ਾਨਾ ਨਹੀਂ ਸੀ ਬਣਾ ਸਕੀ। ਪੰਜਾਬ ਦੇ ਇਤਿਹਾਸ ਵਿੱਚ ਵਾਪਰੀ ਇਹ ਪਹਿਲੀ ਘਟਨਾ ਹੈ ਜਿਸ ਨੇ ਪੁਲੀਸ ਤੰਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਸੂਤਰਾਂ ਅਨੁਸਾਰ ਇਸ ਘਟਨਾ ਦੀ ਜਾਂਚ ਵਿੱਚ ਸੂਬਾਈ ਏਜੰਸੀਆਂ ਦੇ ਨਾਲ-ਨਾਲ ਕੇਂਦਰੀ ਏਜੰਸੀਆਂ ਵੀ ਜੁਟੀਆਂ ਹੋਈਆਂ ਹਨ। ਇਸ ਮਾਮਲੇ ਦੀ ਜਾਂਚ ਕਾਊਂਟਰ ਇੰਟੈਲੀਜੈਂਸ ਤੇ ਜ਼ਿਲ੍ਹਾ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਕੀਤੀ ਜਾ ਰਹੀ ਹੈ। ਇੰਟੈਲੀਜੈਂਸ ਵਿੰਗ ਵਿੱਚ ਤਾਇਨਾਤ ਸੀਨੀਅਰ ਪੁਲੀਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਹ ਮਾਮੂਲੀ ਧਮਾਕਾ ਨਹੀਂ ਸੀ। ਫੋਰੈਂਸਿਕ ਮਾਹਿਰਾਂ ਦੀ ਮੁੱਢਲੀ ਪੜਤਾਲ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਧਮਾਕੇ ਲਈ ਵਰਤਿਆ ਗਿਆ ਬੰਬ ਕਿਸੇ ਆਰਡੀਨੈਂਸ ਫੈਕਟਰੀ ਦਾ ਬਣਾਇਆ ਹੋਇਆ ਹਾਈ ਗਰੇਡ ਬੰਬ ਸੀ। ਜਿਸ ਰਾਕੇਟ ਰਾਹੀਂ ਇਹ ਦਾਗਿਆ ਗਿਆ ਹੈ, ਉਸ ਦੀ ਮਾਰ ਵੀ 300 ਤੋਂ 500 ਮੀਟਰ ਤੱਕ ਕਿਆਸੀ ਗਈ ਹੈ। ਅਧਿਕਾਰੀਆਂ ਮੁਤਾਬਕ ਬੰਬ ਦੇ ਨਿਸ਼ਾਨੇ ਤੋਂ ਖੁੰਝਣ ਕਰ ਕੇ ਵੱਡੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ।
ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਇਸ ਇਮਾਰਤ ਵਿੱਚ ਗੈਂਗਸਟਰ ਵਿਰੋਧੀ ਟਾਸਕ ਫੋਰਸ ਅਤੇ ਅਤਿਵਾਦ ਵਿਰੋਧੀ ਦਸਤੇ ਨਾਲ ਸਬੰਧਤ ਪੁਲੀਸ ਅਧਿਕਾਰੀਆਂ ਦੇ ਦਫ਼ਤਰ ਮੌਜੂਦ ਹਨ। ਪੁਲੀਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਹਮਲੇ ਵਾਲੇ ਹਿੱਸੇ ਵਿੱਚ ਅਹਿਮ ਅਫ਼ਸਰਾਂ ਦੇ ਦਫ਼ਤਰ ਹੀ ਨਹੀਂ ਸਗੋਂ ਇੰਟੈਲੀਜੈਂਸ ਨਾਲ ਸਬੰਧਤ ਸਾਜ਼ੋ-ਸਾਮਾਨ ਵੀ ਸਥਾਪਤ ਕੀਤਾ ਹੋਇਆ ਹੈ। ਪੁਲੀਸ ਵੱਲੋਂ ਇਸ ਇਮਾਰਤ ਦੀ ਸੁਰੱਖਿਆ ਲਈ ਹੋਰ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਪੰਜਾਬ ਪੁਲੀਸ ਦੇ ਮੁਖੀ ਵੀ.ਕੇ. ਭਾਵੜਾ ਨੇ ਕਿਹਾ ਕਿ ਬਿਨਾਂ ਸ਼ੱਕ ਇਹ ਘਟਨਾ ਅਤਿਵਾਦੀ ਕਾਰਾ ਹੈ। ਉਨ੍ਹਾਂ ਪੁਲੀਸ ਵੱਲੋਂ ਇਹ ਮਾਮਲਾ ਜਲਦ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੰਜਾਬ ਪੁਲੀਸ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਸਰਹੱਦ ਪਾਰ ਤੋਂ ਵਿਸਫੋਟਕ ਸਮੱਗਰੀ ਦੇ ਲਗਾਤਾਰ ਪੰਜਾਬ ਵਿੱਚ ਆਉਣ ਕਾਰਨ ਅਤਿਵਾਦੀ ਘਟਨਾ ਸਬੰਧੀ ਖ਼ਦਸ਼ਾ ਤਾਂ ਪ੍ਰਗਟਾਇਆ ਜਾ ਰਿਹਾ ਸੀ ਪਰ ਇਸ ਤਰ੍ਹਾਂ ਦੀ ਘਟਨਾ ਬਾਰੇ ਪੁਲੀਸ ਨੂੰ ਚਿੱਤ-ਚੇਤਾ ਵੀ ਨਹੀਂ ਸੀ।