ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ(ਮੁਹਾਲੀ), 12 ਜੁਲਾਈ
ਸੈਕਟਰ-81 ਵਿੱਚ ਪੈਂਦੇ ਨੈਸ਼ਨਲ ਐਗਰੀਕਲਚਰ ਬਾਇਓ ਟੈਕਨਾਲੋਜੀ ਇੰਸਟੀਚਿਊਟ ਨੇੜੇ ਦਿਖੇ ਤੇਂਦੂਏ ਨੂੰ ਫੜਨ ਵਿੱਚ ਲੱਗੀਆਂ ਜੰਗਲੀ ਜੀਵ ਸੁਰੱਖਿਆ ਵਿਭਾਗ ਦੀਆਂ ਟੀਮਾਂ ਦਸ ਦਿਨਾਂ ਮਗਰੋਂ ਵੀ ਅਸਫ਼ਲ ਰਹੀਆਂ। ਸੰਸਥਾ ਦੇ ਨਾਲ ਲੱਗਦੀ ਆਈਸਰ ਸੰਸਥਾ ਵਿੱਚ ਪਿਛਲੇ ਦਿਨੀਂ ਤੇਂਦੂਏ ਦੇ ਵੇਖੇ ਜਾਣ ਦੀ ਚਰਚਾ ਮਗਰੋਂ ਵਿਭਾਗੀ ਟੀਮਾਂ ਨੇ ਇਸ ਖੇਤਰ ਵਿੱਚ ਵੀ ਸਮੁੱਚੀ ਛਾਣ-ਬੀਣ ਕੀਤੀ ਪਰ ਕਿਧਰੇ ਵੀ ਤੇਂਦੂਏ ਦੇ ਪੈਰਾਂ ਦੇ ਕੋਈ ਨਿਸ਼ਾਨ ਜਾਂ ਕੋਈ ਹਰਕਤ ਸਾਹਮਣੇ ਨਹੀਂ ਆਈ। ਵਿਭਾਗ ਦੇ ਵਣਪਾਲ ਸੰਜੈ ਬਾਂਸਲ ਅਤੇ ਡੀਐੱਫ਼ਓ ਕੁਲਰਾਜ ਸਿੰਘ ਨੇ ਦੋਵਾਂ ਸੰਸਥਾਵਾਂ ਦੇ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਕੀਤੀਆਂ।
ਵਿਭਾਗ ਦੇ ਰੇਂਜ ਅਫ਼ਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਸੰਸਥਾਵਾਂ ਦੇ ਸੁਰੱਖਿਆ ਮੁਲਾਜ਼ਮਾਂ ਅਤੇ ਵਿਭਾਗੀ ਟੀਮਾਂ ਨੇ ਸਮੁੱਚੇ ਖੇਤਰ ਦਾ ਚੱਪਾ-ਚੱਪਾ ਛਾਣ ਮਾਰਿਆ ਪਰ ਕਿਧਰੋਂ ਵੀ ਤੇਂਦੂਏ ਦੀ ਕਿਸੇ ਹਰਕਤ ਜਾਂ ਪੈਰਾਂ ਦੇ ਨਿਸ਼ਾਨ ਨਹੀਂ ਮਿਲੇ। ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਜਨਤਕ ਨੋਟਿਸ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੇਂਦੂਏ ਬਾਬਤ ਕਿਸੇ ਨੂੰ ਕੋਈ ਸੂਚਨਾ ਮਿਲਦੀ ਹੈ ਤਾਂ ਵਣ ਮੰਡਲ ਅਫ਼ਸਰ (ਜੰਗਲੀ ਜੀਵ), ਰੂਪਨਗਰ 98766-00181, ਵਣ ਰੇਂਜ ਅਫਸਰ (ਜੰਗਲੀ ਜੀਵ) ਮੁਹਾਲੀ 90561-21924, 98724-21924, ਵਣ ਵਿਭਾਗ ਟੌਲ ਫਰੀ 18001802323 ਜਾਂ ਪੁਲੀਸ ਕੰਟਰੋਲ ਰੂਮ ਨੰ 0172-2219211 ’ਤੇ ਸੰਪਰਕ ਕੀਤਾ ਜਾ ਸਕਦਾ ਹੈ।