ਅਕਾਲੀ ਦਲ ਦੀ ਛਾਲ
6 ਅਕਤੂਬਰ ਦੇ ਨਜ਼ਰੀਆ ਪੰਨੇ ਉੱਤੇ ਜਤਿੰਦਰ ਪਨੂੰ ਨੇ ਆਪਣੇ ਲੇਖ ‘ਕਿਸਾਨੀ ਮੋਰਚੇ ਵਿਚ ਅਕਾਲੀ ਦਲ ਦੀ ਛਾਲ’ ਵਿਚ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜ ਵਾਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਦੀ ਅਸਲੀਅਤ ਨੂੰ ਜੱਗ ਜ਼ਾਹਿਰ ਕੀਤਾ ਹੈ। ਬਿਨਾ ਸ਼ੱਕ ਆਪਣੇ ਆਪ ਨੂੰ ਸਿੱਖਾਂ ਦੇ ਹਮਦਰਦ ਕਹਾਉਣ ਵਾਲੇ ਇਸ ਸਿਆਸਤਦਾਨ ਨੇ ਸਿਰਫ਼ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ ਪੰਜਾਬ ਵਾਸੀਆਂ, ਖ਼ਾਸ ਕਰ ਕੇ ਸਿੱਖਾਂ ਨੂੰ ਬਲਦੀ ਦੇ ਬੂਥੇ ਦੇਈਂ ਰੱਖਿਆ। ਸਮੇਂ ਸਮੇਂ ਕੇਂਦਰ ਨੂੰ ਖੁਸ਼ ਕਰਨ ਅਤੇ ਆਪਣੇ ਹਿੱਤਾਂ ਨੂੰ ਅੱਗੇ ਰੱਖਣ ਲਈ ਇਸ ਨੇ ਪੰਜਾਬ ਨੂੰ ਸਿਆਸੀ ਮੋਹਰੇ ਦੇ ਤੌਰ ’ਤੇ ਵਰਤਿਆ। ਹੁਣ ਕਿਸਾਨੀ ਮੋਰਚੇ ਵਿਚ ਕੁੱਦਣਾ ਵੀ ਇਸ ਦਾ ਕਿਸਾਨ ਹਿਤੈਸ਼ੀ ਨਹੀਂ, ਸਗੋਂ ਅਗਲੀ ਸਿਆਸੀ ਰਣਨੀਤੀ ਲਈ ਪਲੇਟਫਾਰਮ ਕਾਇਮ ਕਰਨਾ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)
ਲੋਕਾਂ ਦੀਆਂ ਭਾਵਨਾਵਾਂ
6 ਅਕਤੂਬਰ ਦਾ ਸੰਪਾਦਕੀ ‘ਅਜਬ ਹੁਕਮ ਮੇਰੀ ਸਰਕਾਰ ਦੇ’ ਪੜ੍ਹਦਿਆਂ ਸਰਕਾਰਾਂ ਵੱਲੋਂ ਲੋਕ ਮਨਾਂ ਦੀਆਂ ਭਾਵਨਾਵਾਂ ਨੂੰ ਅੱਖੋ ਪਰੋਖੇ ਕਰਨ ਦੀ ਸੋਚ ’ਤੇ ਹੈਰਾਨੀ ਹੁੰਦੀ ਹੈ। ਰਿਸਦੇ ਜ਼ਖ਼ਮਾਂ ਲਈ ਤਸੱਲੀਆਂ, ਦਿਲਾਸਿਆਂ ਤੇ ਹਮਦਰਦੀਆਂ ਦੀ ਲੋੜ ਹੁੰਦੀ ਹੈ; ਗ਼ੈਰਸੰਜੀਦਾ, ਅਢੁੱਕਵੇਂ, ਅਸੰਵੇਦਨਸ਼ੀਲ, ਅਣਕਿਆਸੇ ‘ਅਜਬ ਹੁਕਮ’ ਤਾਂ ਸ਼ੱਕ, ਤੌਖ਼ਲੇ ਅਤੇ ਬੇਵਿਸ਼ਵਾਸੀਆਂ ਹੀ ਪੈਦਾ ਕਰਦੇ ਹਨ। ਹਰ ਤਰ੍ਹਾਂ ਦੇ ਅਪਰਾਧੀਆਂ ਲਈ ਲੋੜੀਂਦੀਆਂ ਸਜ਼ਾਵਾਂ ਹੀ ਪੀੜਤ ਲੋਕਾਂ ਪ੍ਰਤੀ ਸਹੀ ਇਨਸਾਫ਼ ਹੈ।
ਦਰਸ਼ਨ ਸਿੰਘ, ਸ਼ਾਹਬਾਦ ਮਾਰਕੰਡਾ (ਕੁਰਕੂਸ਼ੇਤਰ)
(2)
ਸੰਪਾਦਕੀ ‘ਅਜਬ ਹੁਕਮ ਮੇਰੀ ਸਰਕਾਰ ਦੇ’ ਦਲਿਤ ਕੁੜੀ ਨਾਲ ਸਮੂਹਿਕ ਜਬਰ ਜਨਾਹ ਅਤੇ ਪ੍ਰਸ਼ਾਸਨ ਦੁਆਰਾ ਪੀੜਤ ਦੇ ਪਰਿਵਾਰ ਨੂੰ ਦਰਕਿਨਾਰ ਕਰ ਕੇ ਅੱਧੀ ਰਾਤ ਨੂੰ ਉਸ ਦਾ ਅੰਤਿਮ ਸਸਕਾਰ ਕਰਨ ਦਾ ਪਰਦਾਫਾਸ਼ ਕਰਨ ਵਾਲਾ ਸੀ। ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਲੋਕਾਂ ਨੂੰ ਇਸ ਦਾ ਵਿਰੋਧ ਕਰਨ ਦਾ ਵੀ ਹੱਕ ਨਹੀਂ ਦਿੱਤਾ ਅਤੇ ਸਿਆਸੀ ਬੰਦਿਆਂ ਨੂੰ ਵੀ ਉੱਥੋਂ ਜਾਣ ਤੋਂ ਰੋਕਿਆ। ਕੀ ਜਮਹੂਰੀਅਤ ਵਿਚ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਕੋਈ ਅਧਿਕਾਰ ਨਹੀਂ ? ਕੀ ਵਿਰੋਧ ਦਾ ਮਤਲਬ ਦੇਸ਼ਧ੍ਰੋਹ ਹੈ? ਅਜਿਹੀਆਂ ਵਾਰਦਾਤਾਂ ਅਤੇ ਇਨ੍ਹਾਂ ਬਾਰੇ ਸਰਕਾਰੀ ਵਿਹਾਰ ਦੇਖ ਕੇ ਸੋਚਣ ਲੱਗ ਪਈਦਾ ਹੈ ਕਿ ਮੁਲਕ ਅੰਦਰ ਜਮਹੂਰੀਅਤ ਹੈ ਵੀ?
ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)
ਅਦਬੀ ਰੰਗ ਦੇ ਰੰਗ
ਪਹਿਲੀ ਅਕਤੂਬਰ ਨੂੰ ਇੰਟਰਨੈੱਟ ਸਫ਼ੇ ‘ਅਦਬੀ ਰੰਗ’ ਵਿਚ ਹਿੰਦੀ ਵਿਚੋਂ ਪੰਜਾਬੀ ਵਿਚ ਅਨੁਵਾਦਿਤ ਕਵਿਤਾਵਾਂ ਪੜ੍ਹੀਆਂ। ਸਾਰੀਆਂ ਹੀ ਸੁਹਜ ਭਰਪੂਰ ਹਨ ਐਪਰ ‘ਮੈਂ ਉੱਡ ਜਾਵਾਂਗਾ’ ਵਿਚ ਵਿਸ਼ਾਦ ਦੀ ਸਿਖ਼ਰ ਹੈ। ‘ਉਨ੍ਹਾਂ ਨੇ ਰੰਗ ਚੁੱਕੇ’ ਵਿਚ ਸੁਹਜ ਹੈ ਪਰ ਸਾਹਸ ਅਤੇ ਸੇਕ ਨਹੀਂ। ‘ਇਹ ਧਰਮ ਦੇ ਵਿਰੁੱਧ ਹੈ’ ਵਿਚ ਹਾਲਤ ਨੂੰ ਬਦਲਣ ਦਾ ਜਜ਼ਬਾ ਨਹੀਂ। ‘ਸ਼ਿਕਾਰ’ ਵਿਚ ਕਵੀ ਖ਼ੁਦ ਆਪਣੇ ਸੁਪਨਿਆਂ ਦੇ ਸ਼ਿਕਾਰ ਦਾ ਗਵਾਹ ਬਣ ਜਾਂਦਾ ਹੈ। ਹਾਂ, ‘ਬੱਚੇ ਕੰਮ ’ਤੇ ਜਾ ਰਹੇ ਹਨ’ ਵਿਚ ਜ਼ਰੂਰ ਸਮਾਜਿਕ ਵਿਵਸਥਾ ਸਾਹਵੇਂ ਚੁਣੌਤੀ ਭਰਪੂਰ ਕੁਝ ਸਵਾਲ ਖੜ੍ਹੇ ਕੀਤੇ ਹਨ। ਜ਼ਿਆਦਾਤਰ ਕਵਿਤਾਵਾਂ ਕਲਾਤਮਿਕ ਜਾਂ ਗੁੱਝੇ ਤੀਰ ਮਾਰਨ (ਵਿਅੰਗ ਕੱਸਣ) ਦੀ ਬਜਾਏ ਕਮਦਿਲੀ ਵੱਲ ਮੋੜਾ ਕੱਟ ਜਾਂਦੀਆਂ ਹਨ।
ਗੁਰਨਾਮ ਢਿੱਲੋਂ, ਯੂਕੇ
ਮਨੁੱਖਤਾ ਲਈ ਕਲੰਕ
30 ਸਤੰਬਰ ਦਾ ਸੰਪਾਦਕੀ ‘ਘਿਨਾਉਣਾ ਅਪਰਾਧ’ ਪੜ੍ਹਿਆ। ਉੱਤਰ ਪ੍ਰਦੇਸ਼ ਦੀ ਦਲਿਤ ਲੜਕੀ ਨਾਲ ਜਬਰ ਜਨਾਹ ਮਨੁੱਖਤਾ ਲਈ ਕਲੰਕ ਹੈ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਤਾਂ ਮਿਲਣੀ ਚਾਹੀਦੀ ਹੈ, ਇਨ੍ਹਾਂ ਨੂੰ ਬਚਾਉਣ ਦਾ ਯਤਨ ਕਰਨ ਵਾਲਿਆਂ ਦੀ ਵੀ ਚੰਗੀ ਖ਼ਬਰ ਲੈਣੀ ਚਾਹੀਦੀ ਹੈ ਤਾਂ ਹੀ ਅਜਿਹੇ ਅਪਰਾਧ ਬੰਦ ਹੋ ਸਕਦੇ ਹਨ। ਅਫਸੋਸ ਕਿ ਇਸ ਪਾਸੇ ਗੱਲ ਤੁਰਦੀ ਹੀ ਨਹੀਂ। ਚਾਰ ਦਿਨ ਰੌਲਾ ਪੈ ਕੇ ਸਭ ਠੱਪ ਹੋ ਜਾਂਦਾ ਹੈ।
ਯੋਗਰਾਜ, ਭਾਗੀ ਵਾਂਦਰ (ਬਠਿੰਡਾ)
ਦਲਿਤ ਵਿਦਿਆਰਥੀਆਂ ਦਾ ਭਵਿੱਖ
30 ਸਤੰਬਰ ਨੂੰ ਐੱਸਆਰ ਲੱਧੜ ਦਾ ਲੇਖ ‘ਪੋਸਟ ਮੈਟ੍ਰਿਕ ਵਜ਼ੀਫ਼ਾ ਵਿਵਾਦ’ ਵਜ਼ੀਫ਼ਾ ਵਿਵਾਦ/ਘਪਲੇ ਦਾ ਸਹੀ ਮੁਲੰਕਣ ਕਰਦਾ ਹੈ। ਸਿੱਖਿਆ ਅਧਿਕਾਰ ਨੂੰ ਸਹੀ ਢੰਗ ਨਾਲ ਲਾਗੂ ਹੀ ਨਹੀਂ ਕੀਤਾ ਗਿਆ ਜਿਸ ਕਾਰਨ ਦਲਿਤ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਦੀ ਗਿਣਤੀ ਦਿਨੋ-ਦਿਨ ਘਟ ਰਹੀ ਹੈ। ਦਲਿਤਾਂ ਦੀਆਂ ਪਾਰਟੀਆਂ ਦੇ ਆਗੂ ਇਸ ਬਾਰੇ ਫ਼ਿਕਰਮੰਦ ਨਹੀਂ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਸਮਾਜ ਸਿੱਖਿਅਤ ਹੋਵੇ। ਉਹ ਆਪਣੇ ਲੋਕਾਂ ਨੂੰ ਅਨਪੜ੍ਹ ਰੱਖ ਕੇ ਆਪਣੇ ਸ਼ੋਸ਼ਣ ਦਾ ਸ਼ਿਕਾਰ ਬਣਾਈ ਰੱਖਣ ਨੂੰ ਹੀ ਪਹਿਲ ਦਿੰਦੇ ਹਨ।
ਸਾਗਰ ਸਿੰਘ ਸਾਗਰ, ਬਰਨਾਲਾ