ਮੁੰਬਈ, 5 ਨਵੰਬਰ
ਨਾਰਕੋਟਿਕ ਕੰਟਰੋਲ ਬਿਊਰੋ (ਐੱਨਸੀਬੀ) ਵੱਲੋਂ ਫਿਲਮ ਤੇ ਟੀਵੀ ਇੰਡਸਟਰੀ ਨਾਲ ਸਬੰਧਤ ਲੋਕਾਂ ਨੂੰ ਡਰੱਗਜ਼ ਸਪਲਾਈ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਇਕ ਅਧਿਕਾਰੀ ਨੇ ਦਿੱਤੀ। ਐੱਨਸੀਬੀ ਦੇ ਅਧਿਕਾਰੀ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਸਬੰਧਤ ਡਰੱਗਜ਼ ਮਾਮਲੇ ਵਿੱਚ ਵੀ ਇਸ ਵਿਅਕਤੀ ਦੇ ਸਬੰਧ ਸਾਹਮਣੇ ਆਏ ਹਨ।
ਮੁਲਜ਼ਮ ਅਬਦੁਲ ਵਾਹਿਦ ਨੂੰ ਮੁੰਬਈ ਦੇ ਅੰਧੇਰੀ ਇਲਾਕੇ ਵਿੱਚੋਂ ਆਜ਼ਾਦ ਨਗਰ ਮੈਟਰੋ ਸਟੇਸ਼ਨ ਤੋਂ ਕਾਬੂ ਕੀਤਾ ਗਿਆ। ਉਸ ਕੋਲੋਂ 650 ਗਰਾਮ ਗਾਂਜਾ, ਕੁਝ ਮਾਤਰਾ ਵਿੱਚ ਮੈਫ਼ੇਡਰੋਨ (ਜੋ ਐੱਮਡੀ ਵਜੋਂ ਵੀ ਜਾਣਿਆ ਜਾਂਦਾ ਹੈ) ਤੇ ਚਰਸ, 1.75 ਲੱਖ ਰੁਪਏ ਅਤੇ ਇਕ ਕਾਰ ਵੀ ਬਰਾਮਦ ਕੀਤੀ ਗਈ ਹੈ।
ਅਧਿਕਾਰੀ ਨੇ ਕਿਹਾ ਕਿ ਵਾਹਿਦ ਦੀ ਗ੍ਰਿਫ਼ਤਾਰੀ ਇਕ ਵੱਡੀ ਸਫ਼ਲਤਾ ਹੈ ਕਿਉਂਕਿ ਉਹ ਫਿਲਮ ਤੇ ਟੀਵੀ ਇੰਡਸਟਰੀ ਨਾਲ ਸਬੰਧਤ ਲੋਕਾਂ ਨੂੰ ਡਰੱਗਜ਼ ਸਪਲਾਈ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਸਬੰਧਤ ਡਰੱਗਜ਼ ਮਾਮਲੇ ’ਚ ਐੱਨਸੀਬੀ ਅਦਾਕਾਰਾ ਰੀਆ ਚੱਕਰਬਰਤੀ ਅਤੇ ਹੋਰ ਹੋਰ ਕਈ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਰੀਆ ਇਸ ਵੇਲੇ ਜ਼ਮਾਨਤ ’ਤੇ ਹੈ।
ਐੱਨਸੀਬੀ ਵੱਲੋਂ ਸੁਸ਼ਾਂਤ ਰਾਜਪੂਤ ਦੀ ਮੌਤ ਨੂੰ ਡਰੱਗਜ਼ ਮਾਮਲੇ ਨਾਲ ਜੋੜ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਏਜੰਸੀ ਹੁਣ ਤੱਕ ਬਾਲੀਵੁੱਡ ਦੀਆਂ ਕਈ ਸ਼ਖ਼ਸੀਅਤਾਂ ਤੋਂ ਪੁੱਛਗਿਛ ਕਰ ਚੁੱਕੀ ਹੈ। ਸੁਸ਼ਾਂਤ ਰਾਜਪੂਤ (34) ਇਸੇ ਸਾਲ ਜੂਨ ਮਹੀਨੇ ਵਿੱਚ ਬਾਂਦਰਾ ਖੇਤਰ ’ਚ ਸਥਿਤ ਆਪਣੇ ਘਰ ’ਚ ਫ਼ਾਹੇ ’ਤੇ ਲਟਕਿਆ ਮਿਲਿਆ ਸੀ।
-ਪੀਟੀਆਈ