ਨਵੀਂ ਦਿੱਲੀ, 13 ਮਈ
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਨੂੰ ਹੁਕਮ ਦਿੱਤਾ ਕਿ ਕੋਵਿਡ- 19 ਮਹਾਂਮਾਰੀ ਦੀ ਮੌਜੂਦਾ ਲਹਿਰ ਕਾਰਨ ਫਸੇ ਪਰਵਾਸੀ ਮਜ਼ਦੂਰਾਂ ਲਈ ਲੰਗਰ ਤੇ ਘਰ ਵਾਪਸ ਜਾਣ ਦੇ ਚਾਹਵਾਨ ਮਜ਼ਦੂਰਾਂ ਲਈ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ। ਕੋਵਿਡ- 19 ਦੇ ਵਧ ਰਹੇ ਕੇਸਾਂ ਅਤੇ ਮੁਲਕ ਦੇ ਕਈ ਹਿੱਸਿਆਂ ਵਿੱਚ ਲਾਗੂ ਪਾਬੰਦੀਆਂ ਕਾਰਨ ਫਸੇ ਪਰਵਾਸੀ ਮਜ਼ਦੂਰਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘਟਾਉਣ ਲਈ ਸਰਬਉੱਚ ਅਦਾਲਤ ਨੇ ਅੰਤਰਿਮ ਨਿਰਦੇਸ਼ ਦਿੰਦਿਆਂ ਕਿਹਾ ਕਿ ਐਨਸੀਆਰ ਇਲਾਕੇ ਵਿੱਚ ‘ਆਤਮ ਨਿਰਭਰ ਭਾਰਤ ਯੋਜਨਾ ’ ਜਾਂ ਕੇਂਦਰ ਤੇ ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਸਰਕਾਰਾਂ ਦੀਆਂ ਹੋਰਨਾਂ ਯੋਜਨਾਵਾਂ ਤਹਿਤ ਉਨ੍ਹਾਂ ਨੂੰ ਅਨਾਜ ਮੁਹੱਈਆ ਕਰਵਾਇਆ ਜਾਵੇ। ਜਸਟਿਸ ਅਸ਼ੋਕ ਭੂਸ਼ਨ ਅਤੇ ਐੱਮ ਆਰ ਸ਼ਾਹ ਦੇ ਬੈਂਚ ਨੇ ਕਿਹਾ ਕਿ ਕੇਂਦਰ ਸਰਕਾਰ, ਪਰਵਾਸੀ ਮਜ਼ਦੂਰਾਂ ਦੀ ਮਦਦ ਲਈ ਲੋੜੀਂਦੇ ਤੇ ਉਚਿਤ ਕਦਮ ਚੁੱਕਣ ਲਈ ਰੇਲ ਮੰਤਰਾਲੇ ਨੂੰ ਨਿਰਦੇਸ਼ ਜਾਰੀ ਕਰੇ। -ਏਜੰਸੀ