ਦਵਿੰਦਰ ਸਿੰਘ ਭੰਗੂ
ਰਈਆ, 11 ਜੂਨ
ਹਾਈ ਕੋਰਟ ਵੱਲੋਂ ਅਸਲਾ ਡਿੱਪੂ ਬਿਆਸ ਨਾਲ ਲਗਦੀ ਡੇਰਾ ਬਿਆਸ ਦੀ ਕੰਧ ਅਤੇ ਹਜ਼ਾਰ ਮੀਟਰ ਦੇ ਘੇਰੇ ’ਚ ਆਉਂਦੀਆਂ ਹੋਰ ਕਥਿਤ ਨਾਜਾਇਜ਼ ਉਸਾਰੀਆਂ ਦੀ ਨਿਸ਼ਾਨਦੇਹੀ ਕਰਨ ਸਬੰਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਦਿੱਤੇ ਗਏ ਆਦੇਸ਼ ਤਹਿਤ ਅੱਜ ਨਿਸ਼ਾਨਦੇਹੀ ਲਈ ਗਈ ਟੀਮ ਨੂੰ ਡੇਰਾ ਰਾਧਾ ਸੁਆਮੀ ਦੀ ਸੰਗਤ ਤੇ ਸਥਾਨਕ ਲੋਕਾਂ ਵੱਲੋਂ ਕੀਤੇ ਗਏ ਵਿਰੋਧ ਕਾਰਨ ਖਾਲੀ ਹੱਥ ਪਰਤਣਾ ਪਿਆ।
ਜਾਣਕਾਰੀ ਅਨੁਸਾਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਸਿਵਲ ਰਿੱਟ ਪਟੀਸ਼ਨ ਦੇ ਸਬੰਧ ਵਿੱਚ ਅਸਲਾ ਡਿੱਪੂ ਬਿਆਸ ਨਾਲ ਲਗਦੇ ਹਜ਼ਾਰ ਮੀਟਰ ਦੇ ਘੇਰੇ ਵਿੱਚ ਆਉਂਦੀਆਂ ਕਥਿਤ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ। ਮਾਲ ਵਿਭਾਗ ਦੇ ਅਧਿਕਾਰੀ ਤੇ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਨਾਲ ਅੱਜ ਡੀਸੀ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਉਸਾਰੀਆਂ ਦੀ ਨਿਸ਼ਾਨਦੇਹੀ ਕਰਨ ਪੁੱਜੇ। ਆਰਮੀ ਡਿੱਪੂ ਬਿਆਸ ਦੇ ਅਫ਼ਸਰਾਂ ਨਾਲ ਸਲਾਹ ਮਸ਼ਵਰਾ ਕਰਨ ਮੌਕੇ ਡੇਰੇ ਦੇ ਸੁਰੱਖਿਆ ਅਫ਼ਸਰ ਪਰਮਜੀਤ ਸਿੰਘ ਤੇਜਾ, ਸਕੱਤਰ ਨਿਰਮਲ ਪਟਵਾਲੀਆ ਤੇ ਬੋਹੜ ਸਿੰਘ ਸਮੇਤ ਵੱਡੀ ਗਿਣਤੀ ਸ਼ਰਧਾਲੂ ਤੇ ਸਥਾਨਕ ਲੋਕ ਅਸਲਾ ਡਿੱਪੂ ਬਿਆਸ ਦੇ ਗੇਟ ਅੱਗੇ ਧਰਨਾ ਲਾ ਕੇ ਬੈਠ ਗਏ ਤੇ ਪੰਜਾਬ ਸਰਕਾਰ, ਆਰਮੀ ਅਫ਼ਸਰਾਂ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਧਰਨਾ ਲੰਮਾ ਸਮਾਂ ਚੱਲਦਾ ਰਿਹਾ ਅਤੇ ਡਿਪਟੀ ਕਮਿਸ਼ਨਰ, ਡੇਰਾ ਅਧਿਕਾਰੀਆਂ ਤੇ ਆਰਮੀ ਅਫ਼ਸਰਾਂ ਨਾਲ ਗੱਲਬਾਤ ਕਰਕੇ ਸਬ-ਤਹਿਸੀਲ ਬਿਆਸ ਵਿੱਚ ਰਿਕਾਰਡ ਦੀ ਪੜਤਾਲ ਕਰਨ ਦਾ ਨਿਰਦੇਸ਼ ਦੇ ਕੇ ਚਲੇ ਗਏ।
ਜਾਣਕਾਰੀ ਅਨੁਸਾਰ ਸਬ-ਤਹਿਸੀਲ ਬਿਆਸ ਵਿੱਚ ਰਿਕਾਰਡ ਦੀ ਪੜਤਾਲ ਕਰਨ ਮੌਕੇ ਡੀਸੀ ਨਾਲ ਮਾਲ ਅਧਿਕਾਰੀ ਦਵਿੰਦਰਪਾਲ ਸਿੰਘ, ਐੱਸਡੀਐੱਮ ਦਮਨਦੀਪ ਕੌਰ ਤੇ ਆਰਮੀ ਕਮਾਂਡਰ ਆਰਕੇ ਯਾਦਵ ਨਾਲ ਡੇਰਾ ਰਾਧਾ ਸੁਆਮੀ ਦੇ ਚੀਫ਼ ਪ੍ਰਬੰਧਕ ਸੈਕਟਰੀ ਦਵਿੰਦਰ ਕੁਮਾਰ ਸੀਕਰੀ ਤੇ ਐਡਵੋਕੇਟ ਅਸੀਮ ਸੈਣੀ ਵੀ ਮੌਜੂਦ ਸਨ। ਇਸ ਦੌਰਾਨ ਵੀ ਡੇਰੇ ਦੇ ਸ਼ਰਧਾਲੂਲਾਂ ਨੇ ਤਹਿਸੀਲ ਦਾ ਗੇਟ ਬੰਦ ਕਰਕੇ ਅਧਿਕਾਰੀਆਂ ਦਾ ਘਿਰਾਓ ਕੀਤਾ।
ਡੀਸੀ ਸੂਦਨ ਨੇ ਦੱਸਿਆ ਕਿ ਮਾਲ ਵਿਭਾਗ ਦੇ ਰਿਕਾਰਡ ਵਿੱਚ ਕੁਝ ਖਾਮੀਆਂ ਹੋਣ ਕਾਰਨ ਅੱਜ ਨਿਸ਼ਾਨਦੇਹੀ ਨਹੀਂ ਹੋ ਸਕੀ ਹੈ ਤੇ ਜਿਨ੍ਹਾਂ ਲੋਕਾਂ ਦੇ ਘਰ ਮਨਾਹੀ ਵਾਲੇ ਖੇਤਰ ਵਿੱਚ ਆਉਂਦੇ ਹਨ, ਉਨ੍ਹਾਂ ਸਬੰਧੀ ਵਿਭਾਗ ਵੱਲੋਂ ਲਿਖਤੀ ਰਿਪੋਰਟ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਾਈ ਕੋਰਟ ਵਿੱਚ ਪਹਿਲਾਂ ਹੀ ਕੇਸ ਚੱਲ ਰਿਹਾ ਹੈ ਤੇ ਆਰਮੀ ਡਿੱਪੂ ਦੇ ਬਣਨ ਮਗਰੋਂ ਹੋਂਦ ਵਿੱਚ ਆਈਆਂ ਉਸਾਰੀਆਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।