ਬਨਾਸਕਾਂਠਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ‘ਸਰਹੱਦੀ ਸੈਰ ਸਪਾਟੇ’ ਨਾਲ ਸਰਹੱਦੀ ਸੁਰੱਖਿਆ ਵਧਾਉਣ ’ਚ ਮਦਦ ਮਿਲੇਗੀ ਅਤੇ ਇਸ ਨਾਲ ਨਾਗਰਿਕ ਬੀਐੱਸਐੱਫ ਦੇ ਜਵਾਨਾਂ ਨਾਲ ਜੁੜਨਗੇ ਤੇ ਉਨ੍ਹਾਂ ਪ੍ਰਤੀ ਸਨਮਾਨ ਦੀ ਭਾਵਨਾ ਪੈਦਾ ਹੋਵੇਗੀ। ਸ਼ਾਹ ਨੇ ਇਹ ਗੱਲ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ’ਚ ਭਾਰਤ-ਪਾਕਿ ਸਰਹੱਦ ’ਤੇ ਨਾਡਾਬੇਟ ’ਚ ‘ਸੀਮਾ ਦਰਸ਼ਨ’ ਸੈਰ-ਸਪਾਟਾ ਪ੍ਰਾਜੈਕਟ ਦਾ ਉਦਘਾਟਨ ਕਰਨ ਤੋਂ ਬਾਅਦ ਕਹੀ। ਪੰਜਾਬ ਵਿਚਲੀ ਅਟਾਰੀ-ਵਾਹਗਾ ਸਰਹੱਦ ’ਤੇ ਹੋਣ ਵਾਲੀ ‘ਬੀਟਿੰਗ ਰੀਟਰੀਟ ਸੈਰੇਮਨੀ’ ਦੀ ਤਰਜ਼ ’ਤੇ ਇਸ ਪ੍ਰਾਜੈਕਟ ਵਿੱਚ ਅਜਿਹੀ ਹੀ ਪੇਸ਼ਕਸ਼ ਸ਼ਾਮਲ ਕੀਤੀ ਗਈ ਹੈ। ਸ਼ਾਹ ਨੇ ਕਿਹਾ ਕਿ ਗੁਜਰਾਤ ’ਚ ਇਸ ਤਰ੍ਹਾਂ ਦੇ ਸੈਰ-ਸਪਾਟਾ ਪ੍ਰਾਜੈਕਟਾਂ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਹਿਜਰਤ ਰੋਕਣ ’ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਹੱਦੀ ਸੁਰੱਖਿਆ ਨੂੰ ਵਧਾਉਣ ਦੇ ਮਕਸਦ ਨਾਲ ਸਰਹੱਦੀ ਖੇਤਰਾਂ ’ਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ ਅਤੇ ‘ਸੀਮਾ ਦਰਸ਼ਨ’ ਪ੍ਰਾਜੈਕਟ ਉਨ੍ਹਾਂ ’ਚੋਂ ਇੱਕ ਹੈ।
ਸ਼ਾਹ ਅਨੁਸਾਰ, ‘ਸਰਹੱਦੀ ਸੈਰ ਸਪਾਟੇ ਨਾਲ ਸਰਹੱਦੀ ਸੁਰੱਖਿਆ ਵਧਾਉਣ ’ਚ ਮਦਦ ਮਿਲੇਗੀ ਤੇ ਬੀਐੱਸਐੱਫ ਦੇ ਜਵਾਨਾਂ ਪ੍ਰਤੀ ਲੋਕਾਂ ਅੰਦਰ ਸਨਮਾਨ ਦੀ ਭਾਵਨਾ ਪੈਦਾ ਹੋਵੇਗੀ ਤੇ ਨਾਗਰਿਕਾਂ ਨੂੰ ਸੁਰੱਖਿਆ ਬਲਾਂ ਨਾਲ ਜੋੜਨ ’ਚ ਮਦਦ ਮਿਲੇਗੀ। ਮੈਨੂੰ ਪੂਰਾ ਭਰੋਸਾ ਹੈ ਇਹ ਪ੍ਰਾਜੈਕਟ ਇਨ੍ਹਾਂ ਤਿੰਨਾਂ ਟੀਚਿਆਂ ਨੂੰ ਹਾਸਲ ਕਰੇਗਾ।’ -ਪੀਟੀਆਈ