ਪੂਰਨੀਆ: ਬਿਹਾਰ ਦੇ ਪੂਰਨੀਆ ਜ਼ਿਲ੍ਹੇ ਵਿੱਚ ਇੱਕ ਐੱਸਯੂਵੀ ਗੱਡੀ ਸੜਕ ਕਿਨਾਰੇ ਨਾਲੇ ਵਿੱਚ ਪਲਟਣ ਕਾਰਨ ਉਸ ਵਿੱਚ ਸਵਾਰ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ਹਾਦਸੇ ’ਤੇ ਦੁੱਖ ਪ੍ਰਗਟਾਉਂਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸਬ-ਡਿਵੀਜ਼ਨਲ ਮੈਜਿਸਟ੍ਰੇਟ ਕੁਮਾਰੀ ਤੌਸ਼ੀ ਨੇ ਦੱਸਿਆ ਕਿ ਇਹ ਹਾਦਸਾ ਸ਼ਨਿਚਰਵਾਰ ਸਵੇਰੇ ਤਿੰਨ ਵਜੇ ਵਾਪਰਿਆ। ਐੱਸਯੂਵੀ ਵਿੱਚ ਸਵਾਰ 11 ਜਣੇ ਪੂਰਨੀਆ ਜ਼ਿਲ੍ਹੇ ਦੇ ਤਾਰਾਬਾਦੀ ਇਲਾਕੇ ਵਿੱਚ ਇੱਕ ਪਰਿਵਾਰਕ ਸਮਾਗਮ ’ਚ ਸ਼ਾਮਲ ਹੋਣ ਮਗਰੋਂ ਕਿਸ਼ਨਗੰਜ ਜ਼ਿਲ੍ਹੇ ਦੇ ਨਾਨੀਆ ਪਿੰਡ ਵਿੱਚ ਜਾ ਰਹੇ ਸਨ। ਇਸ ਦੌਰਾਨ ਪੂਰਨੀਆ-ਕਿਸ਼ਨਗੰਜ ਮਾਰਗ ’ਤੇ ਕਾਂਜੀਆ ਮਿਡਲ ਸਕੂਲ ਨੇੜੇ ਸੰਤੁਲਨ ਗੁਆਚਣ ਕਾਰਨ ਉਨ੍ਹਾਂ ਦੀ ਗੱਡੀ ਸੜਕ ਕਿਨਾਰੇ ਨਾਲੇ ਵਿੱਚ ਜਾ ਡਿੱਗੀ। -ਪੀਟੀਆਈ