ਸਾਂ ਹੋਜ਼ੇ: ਕੈਲੀਫੋਰਨੀਆ ਵਿਚ ਐਤਵਾਰ ਰਾਤ ਇਕ ਗਿਰਜਾ ਘਰ ’ਚ ਚਾਕੂ ਮਾਰ ਕੇ ਦੋ ਜਣਿਆਂ ਦੀ ਹੱਤਿਆ ਕਰ ਦਿੱਤੀ ਗਈ। ਕਈ ਹੋਰ ਗੰਭੀਰ ਫੱਟੜ ਹਨ। ਸਾਂ ਹੋਜ਼ੇ ਪੁਲੀਸ ਤੇ ਸ਼ਹਿਰ ਦੇ ਮੇਅਰ ਸੈਮ ਲਿਕਾਰਡੋ ਮੁਤਾਬਕ ਹਮਲਾ ਗ੍ਰੇਸ ਬੈਪਟਿਸਟ ਗਿਰਜਾ ਘਰ ਡਾਊਨਟਾਊਨ ’ਤੇ ਕੀਤਾ ਗਿਆ। ਮੇਅਰ ਨੇ ਪਹਿਲਾਂ ਦਾਅਵਾ ਕੀਤਾ ਕਿ ਹਮਲੇ ਦੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪਰ ਮਗਰੋਂ ਪੁਲੀਸ ਨੇ ਕਿਹਾ ਕਿ ਜਾਂਚ ਅਜੇ ਚੱਲ ਰਹੀ ਹੈ। ਪੁਲੀਸ ਨੇ ਕਿਹਾ ਕਿ ਕਈਆਂ ਦੇ ਜਾਨਲੇਵਾ ਸੱਟਾਂ ਵੱਜੀਆਂ ਹਨ। ਪੁਲੀਸ ਨੇ ਦੱਸਿਆ ਕਿ ਹਮਲੇ ਵੇਲੇ ਉੱਥੇ ਕੋਈ ਪ੍ਰਾਰਥਨਾ ਸਭਾ ਨਹੀਂ ਹੋ ਰਹੀ ਸੀ, ਪਰ ਠੰਢ ਤੋਂ ਬਚਾਉਣ ਲਈ ਕੁਝ ਬੇਘਰਿਆਂ ਨੂੰ ਅੰਦਰ ਲਿਆਂਦਾ ਗਿਆ ਸੀ। -ਏਪੀ