ਨਿੱਜੀ ਪੱਤਰ ਪ੍ਰੇਰਕ
ਮਲੋਟ, 6 ਜੂਨ
ਪਿਛਲੇ ਦਿਨੀਂ ਨੌਜਵਾਨ ਨੂੰ ਬੰਨ੍ਹ ਕੇ ਕੁੱਟਮਾਰ ਕਰਨ ਅਤੇ ਸਿਰ ਮੁੰਨੇ ਜਾਣ ਦੀ ਵੀਡੀਓ ਵਾਇਰਲ ਹੋਣ ਉਪਰੰਤ ਮਲੋਟ ਪੁਲੀਸ ਨੇ ਤਿੰਨ ਔਰਤਾਂ ਸਣੇ 10 ਜਣਿਆਂ ’ਤੇ ਕੇਸ ਤਾਂ ਦਰਜ ਕਰ ਲਿਆ ਪਰ 13 ਦਿਨ ਬੀਤਣ ਉਪਰੰਤ ਇਕ ਵਡੇਰੀ ਉਮਰ ਦੀ ਔਰਤ ਤੋਂ ਇਲਾਵਾ ਪੁਲੀਸ ਇਕ ਵੀ ਬੰਦੇ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਦੂਜੇ ਪਾਸੇ, ਪੁਲੀਸ ਨੇ ਪੀੜਤ ਨੌਜਵਾਨ ਨੂੰ ਹਸਪਤਾਲ ‘ਚੋਂ ਹੀ ਹੱਥਘੜੀ ਲਾ ਕੇ ਜੇਲ੍ਹ ਵੀ ਭੇਜ ਦਿੱਤਾ।
ਪੀੜਤ ਨੌਜਵਾਨ ਦੀ ਮਾਂ ਅਨੀਤਾ ਰਾਣੀ ਨੇ ਦੱਸਿਆ ਕਿ ਪੁਲੀਸ ਕਿਸੇ ਨਾ ਕਿਸੇ ਦਬਾਅ ਹੇਠ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਪੁਲੀਸ ਨੇ ਰਾਜ਼ੀਨਾਮੇ ਲਈ ਦਬਾਅ ਪਾਇਆ ਜਦੋਂ ਗੱਲ ਨਾ ਬਣੀ ਤਾਂ ਪੀੜਤ ਨੌਜਵਾਨ ’ਤੇ ਹੀ ਛੇੜਛਾੜ ਦਾ ਕੇਸ ਦਰਜ ਕਰ ਦਿੱਤਾ। ਅਨੀਤਾ ਰਾਣੀ ਨੇ ਕਿਹਾ ਕਿ ਜੇ ਪੁਲੀਸ ਨੇ ਦੋਸ਼ੀ ਕਾਬੂ ਨਾ ਕੀਤੇ ਤਾਂ ਉਹ ਆਪਣੇ ਬੱਚਿਆਂ ਤੇ ਬਰਾਦਰੀ ਸਣੇ ਇਨਸਾਫ਼ ਲੈਣ ਲਈ ਮਰਨ ਵਰਤ ’ਤੇ ਬੈਠੇਗੀ।
ਰਾਜ਼ੀਨਾਮੇ ਦੇ ਦੋਸ਼ ਬੇਬੁਨਿਆਦ: ਥਾਣਾ ਮੁਖੀ
ਥਾਣਾ ਇੰਚਾਰਜ ਮੋਹਨ ਲਾਲ ਨੇ ਕਿਹਾ ਕਿ ਕੇਸ ਵਿੱਚ ਦੋ ਗ੍ਰਿਫ਼ਤਾਰੀਆਂ ਹੋਈਆਂ ਹਨ। ਇਕ ਪੀੜਤ ਲੜਕੇ ਦੀ ਤੇ ਇਕ ਦੂਜੀ ਧਿਰ ਦੀ। ਬਾਕੀ ਮੁਲਜ਼ਮਾਂ ਨੂੰ ਫੜਨ ਲਈ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਰਾਜ਼ੀਨਾਮੇ ਲਈ ਦਬਾਅ ਪਾਉਣ ਦੀ ਗੱਲ ਹੈ, ਉਹ ਬੇਬੁਨਿਆਦ ਹੈ।