ਨਵੀਂ ਦਿੱਲੀ, 10 ਮਈ
ਕੇਂਦਰੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਅੱਜ ਇੱਥੇ ਕਿਹਾ ਕਿ ਭਾਰਤ ਨੂੰ ਆਉਂਦੇ ਸਾਲਾਂ ਵਿੱਚ ਕਰੀਬ ਇੱਕ ਲੱਖ ਡਰੋਨ ਪਾਇਲਟਾਂ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ 12 ਮੰਤਰਾਲੇ ਦੇਸ਼ ਵਿੱਚ ਡਰੋਨ ਸੇਵਾਵਾਂ ਦੀ ਮੰਗ ਵਧਾਉਣ ਲਈ ਕੰਮ ਕਰ ਰਹੇ ਹਨ। ਇੱਥੇ ਨੀਤੀ ਆਯੋਗ ਦੇ ਇੱਕ ਪ੍ਰੋਗਰਾਮ ਦੌਰਾਨ ਸਿੰਧੀਆ ਨੇ ਕਿਹਾ, ‘‘ਅਸੀਂ ਡਰੋਨ ਸੈਕਟਰ ਨੂੰ ਤਿੰਨ ਢੰਗਾਂ ਨਾਲ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਹਿਲਾਂ ਢੰਗ ਨੀਤੀ ਹੈ। ਤੁਸੀਂ ਦੇਖ ਰਹੇ ਹੋ ਕਿ ਅਸੀਂ ਕਿੰਨੀ ਤੇਜ਼ੀ ਨਾਲ ਨੀਤੀਆਂ ਲਾਗੂ ਕਰ ਰਹੇ ਹਾਂ।’’
ਉਨ੍ਹਾਂ ਦੱਸਿਆ ਕਿ ਦੂਜਾ ਢੰਗ ਉਤਸ਼ਾਹ ਪੈਦਾ ਕਰਨਾ ਹੈ। ਪੀਐੱਲਆਈ (ਪ੍ਰੋਡਕਸ਼ਨ-ਲਿੰਕਡ ਇਨਸੈਂਟਿਵ) ਸਕੀਮ ਦੇਸ਼ ਵਿੱਚ ਡਰੋਨ ਸੈਕਟਰ ’ਚ ਉਤਪਾਦ ਅਤੇ ਸੇਵਾਵਾਂ ਵਧਾਉਣ ’ਚ ਮਦਦ ਕਰੇਗੀ। ਤੀਜਾ ਢੰਗ ਘਰੇਲੂ ਮੰਗ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ 12ਵੀਂ ਪਾਸ ਵਿਅਕਤੀ ਨੂੰ ਡਰੋਨ ਪਾਇਲਟ ਦੀ ਸਿਖਲਾਈ ਦਿੱਤੀ ਜਾ ਸਕਦੀ ਹੈ। ਇਸ ਲਈ ਕਾਲਜ ਡਿਗਰੀ ਦੀ ਜ਼ਰੂਰਤ ਨਹੀਂ ਹੈ। ਦੋ-ਤਿੰਨ ਮਹੀਨੇ ਦੀ ਸਿਖਲਾਈ ਤੋਂ ਬਾਅਦ ਕੋਈ ਵੀ ਵਿਅਕਤੀ ਡਰੋਨ ਪਾਇਲਟ ਬਣ ਸਕਦਾ ਹੈ ਅਤੇ 30 ਹਜ਼ਾਰ ਦੇ ਕਰੀਬ ਤਨਖਾਹ ਲੈ ਸਕਦਾ ਹੈ। ਉਨ੍ਹਾਂ ਕਿਹਾ, ‘‘ਆਉਂਦੇ ਸਾਲਾਂ ਵਿੱਚ ਸਾਨੂੰ ਇੱਕ ਲੱਖ ਡਰੋਨ ਪਾਇਲਟਾਂ ਦੀ ਲੋੜ ਹੋਵੇਗੀ। ਇਸ ਕਰਕੇ ਲੋਕਾਂ ਲਈ ਇਹ ਕਾਫੀ ਵੱਡਾ ਮੌਕਾ ਹੈ।’’ -ਪੀਟੀਆਈ