ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਅਪਰੈਲ
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇੱਥੇ ਕਿਹਾ ਕਿ ਉਹ ਲੋਕਾਂ ਨੂੰ ਬਿਜਲੀ ਸਬੰਧੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦੇਣਗੇ। ਉਨ੍ਹਾਂ ਕਿਹਾ ਕਿ ਸਮੇਂ ਤੋਂ ਪਹਿਲਾਂ ਅਤੇ ਲੋੜ ਤੋਂ ਵੱਧ ਪੈ ਰਹੀ ਗਰਮੀ ਕਾਰਨ ਬਿਜਲੀ ਦੀ ਵਧੀ ਮੰਗ ਦੇ ਬਾਵਜੂਦ ‘ਆਪ’ ਸਰਕਾਰ ਪਿਛਲੇ ਸਾਲ ਦੇ ਮੁਕਾਬਲੇ 43 ਫੀਸਦੀ ਵੱਧ ਬਿਜਲੀ ਉਪਲੱਬਧ ਕਰਵਾ ਰਹੀ ਹੈ।
ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫਤਰ ਤੋਂ ਜਾਰੀ ਬਿਆਨ ’ਚ ਬਿਜਲੀ ਮੰਤਰੀ ਨੇ ਦੱਸਿਆ ਕਿ ਪਹਿਲੀ ਤੋਂ 9 ਅਪਰੈਲ 2022 ਤੱਕ 16,085 ਲੱਖ ਯੂਨਿਟ ਬਿਜਲੀ ਉਪਲੱਬਧ ਕਰਵਾਈ ਗਈ ਹੈ, ਜੋ ਪਿਛਲੇ ਸਾਲ ਅਪਰੈਲ ਦੇ ਪਹਿਲੇ ਨੌਂ ਦਿਨਾਂ ਵਿੱਚ ਉਪਲੱਬਧ ਕਰਵਾਈ ਗਈ 11,206 ਲੱਖ ਯੂਨਿਟ ਬਿਜਲੀ ਨਾਲੋਂ 43 ਫੀਸਦੀ ਵੱਧ ਹੈ। ਉਨ੍ਹਾਂ ਦੱਸਿਆ ਕਿ ਪਾਵਰਕੌਮ ਨੇ ਇਸ ਸਮੇਂ ਦੌਰਾਨ ਸੂਬੇ ਵਿੱਚ ਬਿਜਲੀ ਦੀ 32 ਫੀਸਦੀ ਵੱਧ ਸਪਲਾਈ ਕੀਤੀ ਹੈ ਅਤੇ ਬੈਂਕਿੰਗ ਲਈ ਵੀ ਚਾਰ ਗੁਣਾ ਵੱਧ ਬਿਜਲੀ ਸਪਲਾਈ ਕੀਤੀ ਹੈ। ਬਿਜਲੀ ਮੰਤਰੀ ਨੇ ਝੋਨੇ ਦੇ ਸੀਜ਼ਨ ਦੌਰਾਨ ਖੇਤੀਬਾੜੀ ਪੰਪ ਸੈੱਟਾਂ ਨੂੰ ਅੱਠ ਘੰਟੇ ਨਿਯਮਤ ਸਪਲਾਈ ਤੇ ਸਨਅਤਾਂ ਸਣੇ ਸਾਰੇ ਵਰਗਾਂ ਦੇ ਖ਼ਪਤਕਾਰਾਂ ਨੂੰ ਨਿਰਵਿਘਨ ਤੇ ਮਿਆਰੀ ਬਿਜਲੀ ਸਪਲਾਈ ਦੇਣ ਲਈ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਵੱਧ ਤੋਂ ਵੱਧ 15500 ਮੈਗਾਵਾਟ ਹੋਣ ਦੀ ਸੰਭਾਵਨਾ ਹੈ ਪਰ ਸਰਕਾਰ ਇਸ ਦੀ ਪੂਰਤੀ ਯਕੀਨੀ ਬਣਾਏਗੀ।