ਸ੍ਰੀਨਗਰ, 18 ਅਗਸਤ
ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਬਿੂਬਾ ਮੁਫ਼ਤੀ ਦੀ ਮਾਂ ਕਾਲੇ ਧਨ ਨੂੰ ਸਫ਼ੇਦ ਬਣਾਉਣ ਨਾਲ ਜੁੜੇ ਕੇਸ ਵਿੱਚ ਅੱਜ ਇਥੇ ਐੱਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਹੋਈ। ਅਧਿਕਾਰੀਆਂ ਨੇ ਕਿਹਾ ਕਿ 70 ਸਾਲ ਤੋਂ ਵੱਧ ਉਮਰ ਦੀ ਗੁਲਸ਼ਨ ਨਜ਼ੀਰ ਸ਼ਹਿਰ ਦੇ ਸਿਵਲ ਲਾਈਨਜ਼ ਖੇਤਰ ਸਥਿਤ ਈਡੀ ਦਫ਼ਤਰ ਵਿੱਚ ਆਪਣੀ ਧੀ ਨਾਲ ਆਈ। ਜਾਂਚ ਏਜੰਸੀ, ਸਾਬਕਾ ਕੇਂਦਰੀ ਗ੍ਰਹਿ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੀ ਪਤਨੀ ਨਜ਼ੀਰ ਨੂੰ ਇਸ ਤੋਂ ਪਹਿਲਾਂ ਤਿੰਨ ਵਾਰ ਸੰਮਨ ਕਰ ਚੁੱਕੀ ਹੈ। ਉਧਰ ਪੀਪਲਜ਼ ਡੈਮੋਕਰੈਟਿਕ ਪਾਰਟੀ ਨੇ ਸਰਕਾਰ ਦੀ ਇਸ ਪੇਸ਼ਕਦਮੀ ਨੂੰ ਪਾਰਟੀ ਖ਼ਿਲਾਫ਼ ਸਿਆਸੀ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੱਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰੁਤਬਾ ਮਨਸੂਖ਼ ਕੀਤੇ ਜਾਣ ਦੇ ਫੈਸਲੇ ਦਾ ਵਿਰੋਧ ਕੀਤੇ ਜਾਣ ਕਰਕੇ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਾਲੇ ਧਨ ਨੂੰ ਸਫੇਦ ਕਰਨ ਤੋਂ ਰੋਕਣ ਲਈ ਬਣੇ ਐਕਟ (ਪੀਐੱਮਐੱਲਏ) ਤਹਿਤ ਦਰਜ ਫੌਜਦਾਰੀ ਕੇਸ ਈਡੀ ਵੱਲੋਂ ਮਹਬਿੂਬਾ ਦੇ ਕਥਿਤ ਸਹਾਇਕ ’ਤੇ ਮਾਰੇ ਛਾਪਿਆਂ ਦੌਰਾਨ ਬਰਾਮਦ ਦੋ ਡਾਇਰੀਆਂ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਡਾਇਰੀਆਂ ਵਿੱਚ ਮੁੱਖ ਮੰਤਰੀ ਦੇ ਅਧਿਕਾਰ ਵਾਲੇ ਫੰਡ ਵਿੱਚੋਂ ਕਥਿਤ ਨੇਮਾਂ ਨੂੰ ਤੋੜ-ਮਰੋੜ ਕੇ ਕੀਤੀਆਂ ਅਦਾਇਗੀਆਂ ਦਾ ਵੇਰਵਾ ਦਰਜ ਹੈ। ਈਡੀ ਦਾ ਦਾਅਵਾ ਹੈ ਕਿ ਇਹ ਫੰਡ ਸੂਬੇ ਵਿੱਚ ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਸਰਕਾਰ ਮੌਕੇ ਤਬਦੀਲ ਕੀਤੇ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਫੰਡਾਂ ਵਿੱਚੋਂ ਕੁਝ ਲੱਖ ਰੁਪਏ ਕਥਿਤ ਨਜ਼ੀਰ ਤੇ ਕੁਝ ਹੋਰਨਾਂ ਦੇ ਖਾਤਿਆਂ ਵਿੱਚ ਵੀ ਤਬਦੀਲ ਕੀਤੇ ਗਏ ਸਨ। ਈਡੀ ਨੇ ਨਜ਼ੀਰ ਨੂੰ ਇਸੇ ਸਿਲਸਿਲੇ ’ਚ ਪੁੱਛਗਿੱਛ ਲਈ ਸੱਦਿਆ ਸੀ। -ਪੀਟੀਆਈ