ਸ਼ਗਨ ਕਟਾਰੀਆ
ਬਠਿੰਡਾ, 5 ਨਵੰਬਰ
ਵਹਿਮਾਂ-ਭਰਮਾਂ ਨੇ ਇੱਥੋਂ ਦੀ ਸਰਹਿੰਦ ਨਹਿਰ ਨੂੰ ਦੂਸ਼ਿਤ ਕੀਤਾ ਹੋਇਆ ਹੈ। ਨਹਿਰ ’ਚ ਪਾਣੀ ਦੀ ਬੰਦੀ ਦੌਰਾਨ ਇਹ ਗੱਲ ਸਾਹਮਣੇ ਆਈ ਹੈ। ਸਮਾਜ ਸੇਵੀ ਸੰਗਠਨਾਂ ਤੇ ਸ਼ਖ਼ਸੀਅਤਾਂ ਨੇ ਕਾਰ ਸੇਵਾ ਮੁਹਿੰਮ ਚਲਾ ਕੇ ਨਹਿਰ ’ਚੋਂ ‘ਵਹਿਮ-ਸਮੱਗਰੀ’ ਦੇ ਢੇਰ ਬਾਹਰ ਕੱਢੇ ਹਨ। ਇਸ ਕਾਰਜ ’ਚ ਮੋਹਰੀ ਭੂਮਿਕਾ ਸਹਿਯੋਗ ਵੈਲਫੇਅਰ ਕਲੱਬ ਅਤੇ ਬਠਿੰਡਾ ਸੋਸ਼ਲ ਗਰੁੱਪ ਨੇ ਨਿਭਾਈ।
ਟਨਾਂ ਦੇ ਹਿਸਾਬ ਖੋਪੇ ਦੇ ਗੁੱਟ, ਕਾਲੇ ਤੇ ਹਰੇ ਰੰਗ ਦੇ ਕੱਪੜੇ, ਨਾਰੀਅਲ, ਕੋਇਲਾ, ਵੱਖ-ਵੱਖ ਧਾਤਾਂ ਤੋੋਂ ਬਣੀਆਂ ਧਾਰਮਿਕ ਤਸਵੀਰਾਂ ਤੋਂ ਇਲਾਵਾ ਝਟਕਈਆਂ ਵੱਲੋਂ ਜਾਨਵਰਾਂ ਦੇ ਬੇਕਾਰ ਮਾਸ ਦੀਆਂ ਭਰੀਆਂ ਬੋਰੀਆਂ ਨਹਿਰ ’ਚੋਂ ਕੱਢੀਆਂ ਗਈਆਂ। ਦੀਵਾਲੀ ਮੌਕੇ ਘਰਾਂ ’ਚੋਂ ਸਫ਼ਾਈ ਕਰਕੇ ਇਕੱਠਾ ਕੀਤਾ ਕਚਰਾ ਵੀ ਵੱਡੀ ਮਾਤਰਾ ’ਚ ਇੱਥੋਂ ਮਿਲਿਆ। ਦਰਅਸਲ ਧਾਗੇ, ਤਵੀਤ ਕਰਨ ਵਾਲੇ ਤਾਂਤਰਿਕਾਂ ਅਤੇ ਜੋਤਸ਼ੀਆਂ ਦੇ ਕਹਿਣ ’ਤੇ ਲੋਕ ਸਮੱਗਰੀ ਨਹਿਰ ਵਿੱਚ ਸੁੱਟ ਜਾਂਦੇ ਹਨ। ਮੰਗਲਵਾਰ ਅਤੇ ਸ਼ਨਿੱਚਰਵਾਰ ਦੇ ਦਿਨਾਂ ਨੂੰ ਇੱਥੇ ਟੂਣੇ-ਟਾਮਣ ਕਰਨ ਵਾਲੇ ਲੋਕਾਂ ਦਾ ਜਮਾਵੜਾ ਲੱਗਿਆ ਰਹਿੰਦਾ ਹੈ। ਭਾਵੇਂ ਇਸ ਵਰਤਾਰੇ ਨੂੰ ਠੱਲ੍ਹਣ ਲਈ ਨਗਰ ਨਿਗਮ ਨੇ ਸ਼ਹਿਰ ਵਾਲੇ ਪਾਸੇ ਨਹਿਰ ਕੰਢੇ ਕੰਧ ਵੀ ਉਸਾਰੀ ਹੈ ਪਰ ਲੋਕ ਦੂਜੇ ਕਿਨਾਰੇ ਗੰਦਗੀ ਖਿਲਾਰ ਜਾਂਦੇ ਹਨ। ਕੁਝ ਵਸਤਾਂ ਤਾਂ ਵਹਿ ਕੇ ਅੱਗੇ ਚਲੀਆਂ ਜਾਂਦੀਆਂ ਹਨ ਪਰ ਠੋਸ ਵਜ਼ਨੀ ਸਾਜ਼ੋ-ਸਾਮਾਨ ਅੱਗੇ ਤੈਰਨ ਦੀ ਬਜਾਏ ਇੱਕੋ ਜਗ੍ਹਾ ਟਿਕਿਆ ਰਹਿੰਦਾ ਹੈ। ਨਤੀਜੇ ਵਜੋਂ ਪਾਣੀ ਦੇ ਵਹਾਅ ਦੀ ਇਕਸਾਰਤਾ ਖਤਮ ਹੋਣ ਨਾਲ ਨਹਿਰ ਦੇ ਕਿਨਾਰਿਆਂ ਦੇ ਟੁੱਟਣ ਦਾ ਕਾਰਣ ਬਣਦਾ ਹੈ। ਇਸੇ ਗੰਦਗੀ ਦੀ ਬਦੌਲਤ ਪਿਛਲੇ 6-7 ਸਾਲਾਂ ਦੌਰਾਨ ਇਸ ਨਹਿਰ ਵਿੱਚ 3-4 ਵਾਰ ਪਾੜ ਪੈ ਕੇ ਕਾਫੀ ਨੁਕਸਾਨ ਵੀ ਹੋ ਚੁੱਕਾ ਹੈ।
ਭਾਵੇਂ ਕੁਝ ਅਰਸਾ ਪਹਿਲਾਂ ਬਠਿੰਡਾ ਵਿਕਾਸ ਅਥਾਰਟੀ ਨੇ ਨਹਿਰ ਦੀ ਚੌੜਾਈ ਘਟਾ ਕੇ ਪਟੜੀ ਕਿਨਾਰੇ ਸੈਰਗਾਹ ਵਿਕਸਤ ਕਰਨ ਦੀ ਯੋਜਨਾ ਬਣਾਈ ਸੀ। ਇੱਥੇ ਫ਼ੁਹਾਰੇ ਤਾਂ ਲੱਗ ਗਏ ਸਨ ਪਰ ਬਾਕੀ ਕੰਮ ਉਸ ਤੋਂ ਅੱਗੇ ਨਹੀਂ ਤੁਰ ਸਕਿਆ। ਸਹਿਯੋਗ ਵੈਲਫੇਅਰ ਕਲੱਬ ਦੇ ਆਗੂ ਅਤੇ ਸਮਾਜ ਸੇਵਕ ਗੁਰਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਪਾਣੀ ’ਚ ਪ੍ਰਦੂਸ਼ਣ ਦੀਆਂ ਪੇਚੀਦਗੀਆਂ ਮਨੁੱਖ ਨੇ ਆਪ ਪੈਦਾ ਕੀਤੀਆਂ ਹਨ ਅਤੇ ਇਨ੍ਹਾਂ ਨਾਲ ਸਿੱਝਣ ਲਈ ਚੇਤੰਨ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸੈਂਕੜੇ ਜਲ ਘਰਾਂ ਰਾਹੀਂ ਲੱਖਾਂ ਲੋਕਾਂ ਲਈ ਜੀਵਨ ਦਾ ਸਰੋਤ ਬਣੇ ਇਸ ਨਹਿਰ ਦੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸੁਹਿਰਦ ਲੋਕਾਂ ਨੂੰ ਅਗਵਾਈ ਦਾ ਤਰੱਦਦ ਕਰਨਾ ਪਵੇਗਾ। ਸਮਾਜ ਸੇਵੀ ਰਾਕੇਸ਼ ਨਰੂਲਾ ਨੇ ਕਿਹਾ ਕਿ ਕੁਝ ਕੁ ਵਹਿਮੀ ਲੋਕਾਂ ਦੀ ਮਾਨਸਿਕਤਾ ਵੱਲੋਂ ਸਿਰਜੀਆਂ ਗਈਆਂ ਇਨ੍ਹਾਂ ਮਿੱਥਾਂ ਨੂੰ ਤੋੜਨਾ ਹੁਣ ਸਮੇਂ ਦੀ ਜ਼ਰੂਰਤ ਬਣ ਚੁੱਕਾ ਹੈ।