ਕਾਠਮੰਡੂ, 23 ਫਰਵਰੀ
ਨੇਪਾਲ ਪੁਲੀਸ ਨੇ ਭਾਰਤੀਆਂ ਨਾਲ ਕਰਜ਼ ਯੋਜਨਾ ਦੇ ਨਾਮ ’ਤੇ ਆਨਲਾਈਨ ਧੋਖਾਧੜੀ ਦੇ ਮਾਮਲੇ ਵਿੱਚ ਦੋ ਚੀਨੀ ਅਤੇ ਸੌ ਤੋਂ ਵੱਧ ਨੇਪਾਲੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨੇਪਾਲੀ ਪੁਲੀਸ ਨੇ ਅੱਜ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਧੋਖਾਧੜੀ ਵਾਲੀਆਂ ਸਾਈਬਰ ਸਰਗਰਮੀਆਂ ਦੇ ਮਾਮਲੇ ਵਿੱਚ ਸੋਮਵਾਰ ਅਤੇ ਮੰਗਲਵਾਰ ਨੂੰ ਕਾਠਮੰਡੂ ਅਤੇ ਭਕਤਾਪੁਰ ਜ਼ਿਲ੍ਹਿਆਂ ਵਿੱਚ ਮਾਰੇ ਗਏ ਦੋ ਵੱਖ-ਵੱਖ ਛਾਪਿਆਂ ਦੌਰਾਨ ਦੋ ਚੀਨੀ ਨਾਗਰਿਕਾਂ ਅਤੇ 115 ਨੇਪਾਲੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਪਤ ਸੂਚਨਾ ਦੇ ਆਧਾਰਿਤ ’ਤੇ ਕਾਠਮੰਡੂ ਮੈਟਰੋਪੌਲੀਟਨ ਪੁਲੀਸ ਨੇ ਸੋਮਵਾਰ ਰਾਤ ਨੂੰ ਪਹਿਲੇ ਛਾਪੇ ਵਿੱਚ ਇੱਕ ਚੀਨੀ ਨਾਗਰਿਕ ਸਣੇ 37 ਵਿਅਕਤੀਆਂ ਦੇ ਇੱਕ ਗਰੁੱਪ ਨੂੰ ਓਲਡ ਬਾਨੇਸ਼ਵਰ ਵਿੱਚੋਂ ਹਿਰਾਸਤ ਵਿੱਚ ਲਿਆ।
ਨੇਪਾਲੀ ਨਾਗਰਿਕ ਦੀ ਪਛਾਣ ਚੇਂਗ ਹੂ ਬਾਓ ਵਜੋਂ ਹੋਈ ਹੈ। ਉਹ ਨੇਪਾਲੀ ਨੌਜਵਾਨਾਂ ਦੀ ਮਦਦ ਨਾਲ ਗ਼ੈਰ-ਕਾਨੂੰਨੀ ਕਾਰੋਬਾਰ ਰਾਹੀਂ ਭਾਰਤੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੇ ਨੇਪਾਲੀ ਰਾਜਧਾਨੀ ਵਿੱਚ ਕਾਰੋਬਾਰੀ ਘਰਾਣਿਆਂ ਨੂੰ ਆਈਟੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਅਧਿਕਾਰਿਤ ਤੌਰ ’ਤੇ ਲੇਵਾਨ ਗਰੁੱਪ ਨਾਮ ਦੀ ਕੰਪਨੀ ਰਜਿਸਟਰ ਕਰਵਾਈ ਹੋਈ ਸੀ। ਕਾਠਮੰਡੂ ਤੋਂ 23 ਲੜਕੇ ਅਤੇ 13 ਲੜਕੀਆਂ ਗ੍ਰਿਫ਼ਤਾਰ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਪੁਲੀਸ ਨੇ ਭਕਤਾਪੁਰ ਜ਼ਿਲ੍ਹੇ ਦੀ ਸਾਨੋ ਥੀਮੀ ਨਗਰਪਾਲਿਕਾ ਵਿੱਚ ਵੱਡੇ ਰੈਕੇਟ ਦਾ ਪਰਦਾਫ਼ਾਸ ਕੀਤਾ। ਇੱਥੇ ਤਿੰਨ ਮੰਜ਼ਿਲਾ ਦਫ਼ਤਰੀ ਇਮਾਰਤ ਵਿੱਚ ਮਾਰੇ ਗਏ ਦੂਜੇ ਛਾਪੇ ਦੌਰਾਨ ਚੀਨੀ ਨਾਗਰਿਕ ਵਾਂਗ ਜ਼ਿਨਾਓ ਸਣੇ 80 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿੱਚ 47 ਲੜਕੀਆਂ ਅਤੇ 32 ਲੜਕੇ ਸ਼ਾਮਲ ਸਨ। ਪੁਲੀਸ ਨੇ ਦਫ਼ਤਰ ਵਿੱਚੋਂ 48 ਲੈਪਟਾਪ ਅਤੇ 14 ਕੰਪਿਊਟਰ ਜ਼ਬਤ ਕੀਤੇ ਹਨ। -ਪੀਟੀਆਈ