ਭਾਰਤ ਵਿਚ ਰਿਸ਼ਵਤਖੋਰੀ
23 ਨਵੰਬਰ ਦਾ ਸੰਪਾਦਕੀ ‘ਰਿਸ਼ਵਤਖੋਰੀ ਦਾ ਵਰਤਾਰਾ’ ਕੌਮਾਂਤਰੀ ਸੰਸਥਾ ਟਰੇਸ ਵੱਲੋਂ ਭਾਰਤ ਅਤੇ ਸੰਸਾਰ ਦੇ ਦੂਜੇ ਦੇਸ਼ਾਂ ਵਿਚ ਰਿਸ਼ਵਤ ਹਵਾਲਾ ਦੇਣ ਵਾਲਾ ਸੀ। ਇਹ ਨਹੀਂ ਕਿ ਰਿਸ਼ਵਤਖੋਰੀ ਸਿਰਫ਼ ਭਾਰਤ ਵਿਚ ਹੀ ਹੈ ਬਲਕਿ ਕਿਸੇ ਦੇਸ਼ ਵਿਚ ਜ਼ਿਆਦਾ ਅਤੇ ਕਿਸੇ ਦੇਸ਼ ਵਿਚ ਘੱਟ ਹੈ। 2014 ਵਿਚ ਚੋਣਾਂ ਜਿੱਤਣ ਤੋਂ ਪਹਿਲਾਂ ਭਾਜਪਾ ਦੇ ਆਗੂ ਨੇਤਾ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਆ ਗਈ ਤਾਂ ਉਹ ਰਿਸ਼ਵਤਖੋਰੀ ਨੂੰ ਜੜ੍ਹੋਂ ਪੁੱਟ ਕੇ ਰੱਖ ਦੇਣਗੇ ਲੇਕਿਨ ਆਪਣੀ ਹਕੂਮਤ ਦੇ ਦੂਜੀ ਵਾਰ ਆਉਣ ਤੋਂ ਬਾਅਦ ਵੀ ਉਹ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੇ। ਸਮੇਂ ਸਮੇਂ ’ਤੇ ਕਈ ਪ੍ਰਕਾਰ ਦੇ ਘੁਟਾਲੇ ਸੁਣਨ ਨੂੰ ਮਿਲਦੇ ਹਨ, ਇਹ ਗੱਲ ਵੱਖਰੀ ਹੈ ਕਿ ਕੇਂਦਰ ਸਰਕਾਰ ਕਦੇ ਵੀ ਨਹੀਂ ਮੰਨੇਗੀ।
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)
ਮਿੱਟੀ ਰੰਗੇ ਮੂੰਹ
21 ਨਵੰਬਰ ਦੇ ਸਤਰੰਗ ਪੰਨੇ ’ਤੇ ਡਾ. ਸਾਹਿਬ ਸਿੰਘ ਦਾ ਲੇਖ ‘ਤਾਂ ਕਿ ਸਨਦ ਰਹੇ’ ਉਨ੍ਹਾਂ ਸ਼ੇਰ ਕਲਾਕਾਰਾਂ ਅਤੇ ਰੰਗਕਰਮੀਆਂ ਦੀ ਬਾਤ ਪਾਉਂਦਾ ਹੈ ਜਿਹੜੇ ਹਰ ਮੋਰਚੇ ’ਤੇ ਖੇਤੀ ਕਾਨੂੰਨਾਂ ਨਾਲ ਡੁੱਬਦੇ ਜਾਂਦੇ ਸਮਾਜ ਨੂੰ ਬਚਾਉਣ ਲਈ ਜੂਝ ਰਹੇ ਹਨ। ਦਿਲੋਂ ਸਲਾਮ ਹੈ, ‘ਮਿੱਟੀ ਰੰਗੇ ਮੂੰਹ’ ਵਾਲਿਆਂ ਅਤੇ ਰੰਗਕਰਮੀਆਂ ਦੀ ਸੈਨਾ ਨੂੰ ਆਪਣਾ ਯੋਗਦਾਨ ਪਾਉਣ ਲਈ। ਖ਼ਬਰਨਾਮਾ ਪੰਨੇ ’ਤੇ ਹਾਦਸੇ ਵਿਚ ਸੱਤ ਬੱਚਿਆਂ ਸਣੇ 14 ਬੰਦਿਆਂ ਦੇ ਹਲਾਕ ਹੋਣ ਦੀ ਖ਼ਬਰ ਬਹੁਤ ਦੁਖਦਾਈ ਹੈ। ਲਗਭੱਗ ਅੱਧੇ ਤੋਂ ਵੱਧ ਹਾਦਸੇ ਸੜਕਾਂ ’ਤੇ ਗ਼ਲਤ ਪਾਰਕਿੰਗ ਕਾਰਨ ਵਾਪਰਦੇ ਹਨ। ਸੜਕਾਂ ’ਤੇ ਗਸ਼ਤ ਕਰਦਿਆਂ ਕੀ ਪੁਲੀਸ ਨੂੰ ਬਿਨਾ ਲਾਈਟਾਂ ਤੋਂ ਖੜੋਤੀਆਂ ਇਹ ਗੱਡੀਆਂ ਨਜ਼ਰ ਨਹੀਂ ਆਉਂਦੀਆਂ ?
ਡਾ. ਤਰਲੋਚਨ ਕੌਰ, ਪਟਿਆਲਾ
ਚਾਨਣ ਮੁਨਾਰਾ
19 ਨਵੰਬਰ ਨੂੰ ਮੋਹਨ ਸ਼ਰਮਾ ਦਾ ਮਿਡਲ ‘ਚੌਰਾਹੇ ਵਿਚ ਜਗਦਾ ਦੀਵਾ’ ਜਿਸ ਵਿਚ ਹੇਮ ਰਾਜ ਮਿੱਤਲ ਜੀ ਦੇ ਜੀਵਨ ਦੀ ਸਾਦਗ਼ੀ ਤੇ ਇਮਾਨਦਾਰੀ ਬਾਰੇ ਪੜ੍ਹਿਆ। ਪੜ੍ਹ ਕੇ ਦਿਮਾਗ ਅਤੇ ਸਰੀਰ ਇਕ ਵਾਰ ਤਾਂ ਕੁਝ ਦੇਰ ਲਈ ਅਹਿੱਲ ਅਵਸਥਾ ’ਚ ਆ ਗਿਆ ਕਿ ਦਸਾਂ ਨਹੁੰਆਂ ਦੀ ਕਿਰਤ-ਕਮਾਈ ਕਰਨ ਵਾਲਾ ਇਨਸਾਨ ਇਸ ਧਰਤੀ ’ਤੇ ਹੋਇਆ ਹੈ ਜੋ ਅੱਜ ਸਾਡੇ ਲਈ ਚਾਨਣ ਮੁਨਾਰਾ ਹੈ।
ਸੁਰਜੀਤ ਸਿੰਘ, ਪਟਿਆਲਾ
ਆਮ ਆਦਮੀ: ਦੋ ਬਿੰਬ
18 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦਾ ਲੇਖ ‘ਅਰਨਬ ਗੋਸਵਾਮੀ ਦੇ ਸਮਿਆਂ ਵਿਚ ਜਿਊਂਦਿਆਂ’ ਪੜ੍ਹਿਆ। ਲੇਖ ‘ਆਮ ਆਦਮੀ’ ਦੇ ਦੋ ਬਿੰਬ ਜ਼ਿਹਨ ਵਿਚ ਉਤਾਰ ਗਿਆ। ਇਕ ਜੋ ਅਰਨਬ ਗੋਸਵਾਮੀ ਦੇ ਸਮਿਆਂ ਵਿਚ ਰਾਸ਼ਟਰਵਾਦ ਨੂੰ ਖ਼ਾਸ ਰੰਗਤ ਦੇਣ,ਕਮਜ਼ੋਰ ਵਰਗ ਨਾਲ ਹੋ ਰਹੇ ਅਣਮਨੁੱਖੀ ਵਰਤਾਰੇ ਅਤੇ ਹੋਰ ਅਨਿਆਵਾਂ ਵਿਰੁੱਧ ਆਵਾਜ਼ ਉਠਾਉਂਦੇ ਹਨ ਅਤੇ ਜੇਲ੍ਹ ਵਿਚ ਹਨ; ਦੂਸਰੇ ਜੋ ਲੇਖਕ ਵੱਲੋਂ ਦਿੱਤੀ ਅਮਰੀਕਨ ਨਾਵਲਕਾਰ ਮਾਰਕ ਟਵੇਨ ਦੇ ਹਵਾਲੇ ਦੇ ਬਿਲਕੁਲ ਫਿੱਟ ਬੈਠਦੇ ਹੋਏ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਜ਼ਮੀਰ ਦੀ ਆਜ਼ਾਦੀ ਹੋਣ ਦਾ ਅਹਿਸਾਸ ਤਾਂ ਰੱਖਦੇ ਹਨ ਪਰ ਮਰਹੂਮ ਕਾਰਟੂਨਿਸਟ ਲਕਸ਼ਮਣ ਦੇ ਆਮ ਆਦਮੀ ਵਾਂਗ ਇਨ੍ਹਾਂ ਮਹਾਨ ਚੀਜ਼ਾਂ ’ਤੇ ਭੌਚੱਕੇ ਹੀ ਰਹਿੰਦੇ ਹਨ, ਬੇਵੱਸ ਚੁੱਪ-ਚਪੀਤੇ ਖੜ੍ਹੇ ਰਹਿੰਦੇ ਹਨ। ਲੇਖ ਉਚੇਰੀਆਂ ਅਦਾਲਤਾਂ ਵੱਲੋਂ ਨਿਆਂ ਪ੍ਰਣਾਲੀ ਨੂੰ ‘ਮੈਨੂੰ ਚਿਹਰਾ ਦਿਖਾਉ, ਮੈਂ ਤੁਹਾਨੂੰ ਨਿਯਮ ਦਿਖਾ ਦਿਆਂਗਾ’ ਦੀ ਨੀਤੀ ਵਾਲੇ ਵਰਤਾਰੇ ਵੱਲ ਇਸ਼ਾਰਾ ਕਰਦਾ ਹੈ।
ਜਗਰੂਪ ਸਿੰਘ ਉੱਭਾਵਾਲ (ਸੰਗਰੂਰ)
(2)
ਸਵਰਾਜਬੀਰ ਦੇ ਲੇਖ ‘ਅਰਨਬ ਗੋਸਵਾਮੀ ਦੇ ਸਮਿਆਂ ਵਿਚ ਜਿਊਂਦਿਆਂ’ ਵਿਚ ਆਮ ਆਦਮੀ ਦੀ ਤਰਫ਼ੋਂ ਉੱਚ ਨਿਆਂਪਾਲਿਕਾ ਦੀ ਨਿਰਪੱਖਤਾ ਅਤੇ ਇਨਸਾਫ਼ ਉੱਤੇ ਬਿਲਕੁੱਲ ਸਹੀ ਸਵਾਲ ਉਠਾਏ ਗਏ ਹਨ। ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੀ ਗੋਦੀ ਵਿਚ ਬੈਠ ਕੇ ਵਿਰੋਧੀ ਸਿਆਸੀ ਧਿਰਾਂ, ਮੁਸਲਮਾਨਾਂ, ਦਲਿਤਾਂ, ਇਮਾਨਦਾਰ ਪੱਤਰਕਾਰਾਂ ਅਤੇ ਮਨੁੱਖੀ ਹੱਕਾਂ ਲਈ ਲੜਦੇ ਜਮਹੂਰੀ ਕਾਰਕੁਨਾਂ ਖ਼ਿਲਾਫ਼ ਲਗਾਤਾਰ ਕੂੜ ਪ੍ਰਚਾਰ ਕਰਨ ਵਾਲੇ ਰਿਪਬਲਿਕ ਟੀਵੀ ਦੇ ਗ਼ੈਰ ਜ਼ਿੰਮੇਵਾਰ ਟੀਵੀ ਐਂਕਰ ਅਰਨਬ ਗੋਸਵਾਮੀ ਨੂੰ ਸੁਪਰੀਮ ਕੋਰਟ ਵੱਲੋਂ ਛੁੱਟੀ ਵਾਲੇ ਦਿਨ ਸੁਣਵਾਈ ਕਰ ਕੇ ਜ਼ਮਾਨਤ ਉੱਤੇ ਰਿਹਾਅ ਕਰਨ ਦੇ ਫ਼ੈਸਲੇ ਪਿੱਛੇ ਹਕੂਮਤੀ ਦਬਾਅ ਸਾਫ਼ ਨਜ਼ਰ ਆਉਂਦਾ ਹੈ। ਜੇਕਰ ਨਾਮਵਰ ਵਕੀਲ ਪ੍ਰਸ਼ਾਂਤ ਭੂਸ਼ਣ ਅਤੇ ਕੁਨਾਲ ਕਾਮਰਾ ਵਰਗੇ ਸਮਾਜਿਕ ਕਾਰਕੁਨ ਸੁਪਰੀਮ ਕੋਰਟ ਦੇ ਅਜਿਹੇ ਇਕਪਾਸੜ ਫ਼ੈਸਲਿਆਂ ਦੇ ਖ਼ਿਲਾਫ਼ ਕੋਈ ਵਾਜਬਿ ਟਿੱਪਣੀ ਕਰਦੇ ਹਨ ਤਾਂ ਉਨ੍ਹਾਂ ਉੱਤੇ ਅਦਾਲਤੀ ਮਾਣਹਾਨੀ ਦਾ ਕੇਸ ਚਲਾ ਕੇ ਉਨ੍ਹਾਂ ਦੀ ਜ਼ਬਾਨਬੰਦੀ ਕੀਤੀ ਜਾਂਦੀ ਹੈ। 1975 ਦੀ ਐ
ਸੁਮੀਤ ਸਿੰਘ, ਅੰਮ੍ਰਿਤਸਰ
ਇਤਿਹਾਸ ਦੁਹਰਾਉਂਦਾ ਹੈ…
23 ਨਵੰਬਰ ਦੇ ਪਰਵਾਜ਼ ਪੰਨੇ ’ਤੇ ਐੱਸਪੀ ਸਿੰਘ ਦਾ ‘ਲਿਖਤੁਮ ਬਾਦਲੀਲ’ ਪੜ੍ਹਿਆ। ਲੇਖਕ ਨੇ ਹਿਟਲਰ ਦੇ ਨਿਆਂ ਦੀ ਵਿਆਖਿਆ ਕਰਦਿਆਂ ਉਸ ਨੂੰ ਅੱਜ ਦੇ ਭਾਰਤੀ ਵਰਤਾਰੇ ਨਾਲ ਜੋੜ ਕੇ, ਜਿਸ ਖ਼ੂਬਸੂਰਤ ਸ਼ੈਲੀ ਵਿਚ ਤੁਲਨਾਇਆ ਹੈ, ਵਾਕਿਆ ਹੀ ਸਲਾਹੁਣਯੋਗ ਹੈ। ਇਤਿਹਾਸ ਸ਼ਾਇਦ ਆਪਣੇ ਆਪ ਨੂੰ ਦੁਹਰਾਉਂਦਾ ਹੈ ਜੋ ਕੁਝ ਹਿਟਲਰ ਦੀਆਂ ਨੀਤੀਆਂ ਸਨ, ਹੂਬਹੂ ਉਹ ਸਾਡੇ ਦੇਸ਼ ਵਿਚ ਸਾਨੂੰ ਦੇਖਣ ਲਈ ਮਿਲ ਰਿਹਾ ਹੈ। ਇਸੇ ਦਿਨ ਸੁਰਿੰਦਰ ਸਿੰਘ ਤੇਜ ਦਾ ਕਾਲਮ ‘ਪੜ੍ਹਦਿਆਂ ਸੁਣਦਿਆਂ’ ਵੀ ਦਿਲਚਸਪ ਸੀ। 21 ਨਵੰਬਰ ਨੂੰ ਡਾ. ਸਾਹਿਬ ਸਿੰਘ ਦਾ ਲੇਖ ‘ਤਾਂ ਕਿ ਸਨਦ ਰਹੇ’ ਰੰਗਮੰਚ ਤੇ ਨਾਟਕ ਕਲਾ ਬਾਰੇ ਵਿਸਥਾਰ ਨਾਲ ਚਰਚਾ ਕਰਦਾ ਹੈ। ਲੇਖ ਦੇ ਅਖ਼ੀਰ ਵਿਚ ਸੂਖ਼ਮ ਤੇ ਸਾਰਥਿਕ ਸੇਧ ਦਿੱਤੀ ਗਈ ਹੈ ਕਿ ਮੋਰਚੇ ਦੀ ਸਫ਼ਲਤਾ ਤੋਂ ਬਾਅਦ ਜਦੋਂ ਚੰਗੇ ਦਿਨਾਂ ਦੀ ਆਮਦ ਸ਼ੁਰੂ ਹੋਈ ਤਾਂ ਉਸ ਵਕਤ ਵੀ ਸਾਨੂੰ ਰੰਗਕਰਮੀਆਂ ਦੀ ਯਾਦ ਰੱਖਣ ਚਾਹੀਦੀ ਹੈ; ਭਾਵ ਵਿਆਹ ਸ਼ਾਦੀਆਂ ਦੇ ਮੌਕੇ ਵੀ ਨਾਟਕਾਂ ਰਾਹੀਂ ਖੁਸ਼ੀਆਂ ਸਾਂਝੀਆਂ ਕਰੀਏ ਤੇ ਮਹਿੰਗੇ ਕਲਾਕਾਰਾਂ ਤੋਂ ਗੁਰੇਜ਼ ਕਰੀਏ।
ਸੁਖਦੇਵ ਸਿੰਘ ਭੁੱਲੜ, ਸੁਰਜੀਤ ਪੁਰਾ (ਬਠਿੰਡਾ)