ਬੀਰਬਲ ਰਿਸ਼ੀ
ਸ਼ੇਰਪੁਰ, 13 ਫਰਵਰੀ
ਥਾਣਾ ਸ਼ੇਰਪੁਰ ਅਧੀਨ ਆਉਂਦੇ ਪਿੰਡਾਂ ’ਚ ਉਪਰੋਥਲੀ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਜਿਸ ਤਹਿਤ ਹੁਣ ਸ਼ੈੱਲਰ ਐਸੋਸੀਏਸ਼ਨ ਦੇ ਪ੍ਰਧਾਨ ਚੇਤਨ ਗੋਇਲ ਸੋਨੀ ਦੇ ਬੜੀ ਰੋਡ ਸ਼ੇਰਪੁਰ ਵਿੱਚ ਸਥਿਤ ਸ਼ੈੱਲਰ ਵਿੱਚ ਬੀਤੀ ਰਾਤ ਚੋਰਾਂ ਨੇ ਲੱਖਾਂ ਦਾ ਬਾਰਦਾਨਾ ਚੋਰੀ ਕਰ ਲਿਆ।
ਇਸਤ ੋਂ ਪਹਿਲਾਂ, ਹੇੜੀਕੇ, ਦੀਦਾਰਗੜ੍ਹ, ਈਨਾਬਾਜਵਾ, ਸਲੇਮਪੁਰ, ਖੇੜੀ ਖੁਰਦ ਸਮੇਤ ਕਈ ਪਿੰਡਾਂ ’ਚ ਚੋਰੀਆਂ ਤੋਂ ਪੁਲੀਸ ਦੀ ਭੂਮਿਕਾ ’ਤੇ ਸੁਆਲ ਉੱਠ ਰਹੇ ਹਨ ਪਰ ਪੁਲੀਸ ਹਾਲੇ ਤਕ ਕੁਝ ਠੋਸ ਕਰਨ ’ਚ ਅਸਮਰੱਥ ਰਹੀ ਹੈ। ਸ਼ੈਲਰ ਐਸੋਸੀਏਸ਼ਨ ਸ਼ੇਰਪੁਰ ਦੇ ਪ੍ਰਧਾਨ ਚੇਤਨ ਗੋਇਲ ਸੋਨੀ, ਵਿਕਾਸ ਗੋਇਲ ਤੇ ਸੱਤਪਾਲ ਗੋਇਲ ਦੀ ਸਾਂਝੀ ਹਿੱਸੇਦਾਰੀ ਵਾਲੇ ਬੜੀ ਸੜਕ ’ਤੇ ਸਥਿਤ ਸ਼ੈਲਰ ਜੈਨ ਇੰਡਸਟਰੀ ’ਚ ਬੀਤੀ ਰਾਤ ਹੋਈ ਚੋਰੀ ਸਬੰਧੀ ਮਾਲਕਾਂ ਨੇ ਥਾਣਾ ਸ਼ੇਰਪੁਰ ਵਿੱਚ ਬਿਆਨ ਦਰਜ ਕਰਵਾਏ ਤੇ ਦੱਸਿਆ ਕਿ ਬੀਤੀ ਰਾਤ 11 ਤੋਂ 12 ਵਜੇ ਦਰਮਿਆਨ ਕਈ ਵਿਆਕਤੀਆਂ ਨੇ ਸ਼ੈਲਰ ਵਿੱਚ ਏ ਕਲਾਸ ਬਾਰਦਾਨੇ ਦੀਆਂ 8 ਤੋਂ 10 ਹਜ਼ਾਰ ਬੋਰੀਆਂ ਚੋਰੀ ਕੀਤੀਆਂ ਹਨ ਜਿਨ੍ਹਾਂ ਦੀ ਕੀਮਤ 3 ਲੱਖ ਰੁਪਏ ਬਣਦੀ ਹੈ। ਸ਼ੈਲਰ ਮਾਲਕਾਂ ਦਾ ਦਾਅਵਾ ਹੈ ਕਿ ਭਾਵੇਂ ਚੋਰਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ’ਚ ਵਿਖਾਈ ਦਿੰਦੀਆਂ ਹਨ ਪਰ ਧੁੰਦ ਕਾਰਨ ਪਛਾਣ ਨਹੀਂ ਹੋ ਰਹੀ।
ਉਂਜ, ਮੰਨਿਆ ਜਾ ਰਿਹਾ ਕਿ ਚੋਰਾਂ ਨੇ ਸ਼ੈਲਰ ਦੇ ਨਾਲ ਲਗਦੇ ਰਸਤੇ ’ਤੇ ਕੋਈ ਫੋਰ ਵੀਲਰ ਵਾਹਨ ਲਾ ਕੇ ਬਾਰਦਾਨਾ ਲੱਦਿਆ ਹੈ। ਐੱਸਐੱਚਓ ਸ਼ੇਰਪੁਰ ਨੇ ਦੱਸਿਆ ਕਿ ਪਰਚਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।