ਨਿੱਜੀ ਪੱਤਰ ਪ੍ਰੇਰਕ
ਮਲੋਟ, 23 ਫਰਵਰੀ
ਕਈ ਸਾਲ ਪਹਿਲਾਂ ਬੰਦ ਹੋ ਚੁੱਕੀ ਇਲਾਕੇ ਦੀ ਵੱਡੀ ਧਾਗਾ ਮਿੱਲ ਦੇ ਖੰਡਰ ਬਣੇ ਕੁਆਰਟਰ ਅੱਜ-ਕੱਲ੍ਹ ਨਸ਼ੇੜੀਆਂ ਅਤੇ ਹੋਰ ਗ਼ੈਰ-ਸਮਾਜਿਕ ਅਨਸਰਾਂ ਲਈ ਪਨਾਹਗਾਹ ਬਣੇ ਹੋਏ ਹਨ। ਇਸ ਮਿੱਲ ਦੇ ਪੁਰਾਣੇ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਜੰਗਲ ਲਗਭਗ ਪੰਜ ਏਕੜ ਵਿਚ ਫੈਲਿਆ ਹੋਇਆ ਹੈ। ਇਸ ਵਿਚ ਮਿੱਲ ਦੇ ਮੁਲਾਜ਼ਮਾਂ ਲਈ ਜੋ ਰਿਹਾਇਸ਼ੀ ਕੁਆਰਟਰ ਸਨ, ਉਹ ਜੰਗਲ ਵਿਚ ਘਿਰ ਗਏ ਹਨ। ਇਸ ਦੀ ਓਟ ਵਿੱਚ ਨਸ਼ੇੜੀਆਂ ਨੇ ਇਨ੍ਹਾਂ ਕੁਆਰਟਰਾਂ ਦਾ ਕੋਈ ਵੀ ਸਾਮਾਨ ਬੂਹੇ-ਬਾਰੀਆਂ, ਲੋਹੇ ਦੇ ਗੇਟ, ਸਰੀਆ ਆਦਿ ਕੁੱਝ ਵੀ ਨਹੀਂ ਛੱਡਿਆ। ਇਥੋਂ ਤੱਕ ਕੰਧਾਂ ਦੇ ਲੈਂਟਰ ਨੂੰ ਵੀ ਪਾੜ-ਪਾੜ ਕੇ ਉਸ ’ਚੋਂ ਸਰੀਆ ਕੱਢ ਕੇ ਵੇਚ ਦਿੱਤਾ। ਆਸ-ਪਾਸ ਰਹਿੰਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਇਸ ਜੰਗਲ ਤੇ ਖੰਡਰ ਇਮਾਰਤਾਂ ਵਿੱਚ ਨਸ਼ੇ ਦੇ ਆਦੀ ਵਿਅਕਤੀ ਇਕੱਠੇ ਹੁੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਉਨ੍ਹਾਂ ਦੀ ਇਸ ਸਮੱਸਿਆ ਵੱਲ ਧਿਆਨ ਦੇਵੇ।