ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਗਸਤ
ਰਾਜੌਰੀ ਗਾਰਡਨ ਸਿੰਘ ਸਭਾ ਦੀ ਗੁਰੂ ਨਾਨਕ ਡਿਸਪੈਂਸਰੀ ਦੇ ਸੰਸਥਾਪਕ ਤੇ ਮਰਹੂਮ ਪਰਮਜੀਤ ਸਿੰਘ ਦੇ ਨਾਂ ਉਪਰ ਇਸ ਡਿਸਪੈਂਸਰੀ ਦਾ ਨਾਮਕਰਨ ਰੱਖਿਆ ਗਿਆ ਤੇ ਪਿਸ਼ੋਰੀ ਬਿਰਾਦਰੀ ਦੀ ਅਹਿਮ ਸ਼ਖ਼ਸ਼ੀਅਤ ਮਰਹੂਮ ਭਾਪਾ ਰਾਵੇਲ ਸਿੰਘ ਦੇ ਨਾਂ ਉਪਰ ਮੈਮੋਗ੍ਰਾਫ਼ੀ ਯੂਨਿਟ ਦਾ ਨਾਂ ਰੱਖਿਆ ਗਿਆ। ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਨੇ 3 ਸੱਜਣਾਂ ਨਾਲ ਮਿਲ ਕੇ ਇਹ ਡਿਸਪੈਂਸਰੀ ਸ਼ੁਰੂ ਕੀਤੀ ਸੀ ਜਿਸ ਕਰਕੇ ਇਸ ਵਿੰਗ ਦਾ ਨਾਂ ‘ਪਰਮਜੀਤ ਸਿੰਘ ਡੈਂਟਲ ਯੂਨਿਟ’ ਰੱਖਿਆ ਗਿਆ। ਹੁਣ ਇਸ ਡਿਸਪੈਂਸਰੀ ਦਾ ਵਿਸਥਾਰ ਹੋਇਆ ਅਤੇ 73 ਲੋਕਾਂ ਦਾ ਅਮਲਾ ਸੰਗਤ ਦੀ ਸੇਵਾ ਕਰ ਰਿਹਾ ਹੈ। ਇਸ ਮੌਕੇ ਮਰਹੂਮ ਸ਼ਖ਼ਸੀਅਤ ਦੇ ਪਰਿਵਾਰ ਦੇ ਜੀਆਂ ਦਾ ਸਨਮਾਨ ਕੀਤਾ ਗਿਆ। ਪ੍ਰਧਾਨ ਨੇ ਦੱਸਿਆ ਕਿ ਭਾਪਾ ਰਵੇਲ ਸਿੰਘ ਵੱਲੋਂ ਵੀ ਇਸ ਗੁਰਦੁਆਰੇ ਦੀ ਭਰਪੂਰ ਸੇਵਾ ਕੀਤੀ ਗਈ ਸੀ ਜਿਸ ਕਰਕੇ ਮੈਮੋਗ੍ਰਾਫ਼ੀ ਇਕਾਈ ਦਾ ਨਾਂ ਉਨ੍ਹਾਂ ਦੇ ਨਾਮ ਉਪਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਦੇ ਦੋ ਪੁੱਤਰਾਂ ਤੇ ਹੋਰ ਪਰਿਵਾਰਕ ਮੈਂਬਰਾਂ ਦਾ ਸੰਗਤ ਨੇ ਸਨਮਾਨ ਕੀਤਾ।
ਕੈਂਪ ਦੌਰਾਨ 124 ਬੱਚਿਆਂ ਦੇ ਦੰਦਾਂ ਦੀ ਜਾਂਚ
ਰਤੀਆ (ਪੱਤਰ ਪ੍ਰੇਰਕ): ਲਾਇਨਜ਼ ਕਲੱਬ ਰਤੀਆ ਸਿਟੀ ਵੱਲੋਂ ਵੱਖ ਵੱਖ ਇਲਾਕਿਆਂ ਵਿਚ ਸਮਾਜ ਸੇਵਾ ਦੇ ਕੰਮ ਲਗਾਤਾਰ ਜਾਰੀ ਹਨ। ਕਲੱਬ ਦੇ ਸਰਪ੍ਰਸਤ ਲਾਇਨ ਗੋਪਾਲ ਚੰਦ ਨੇ ਦੱਸਿਆ ਕਿ ਇਸੇ ਤਹਿਤ ਸਰਕਾਰੀ ਸੈਕੰਡਰੀ ਸਕੂਲ ਭੂੰਦੜਵਾਸ ਵਿਚ ਪੰਜਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਦੇ ਦੰਦਾਂ ਦੀ ਜਾਂਚ ਰਤੀਆ ਦੀ ਡਾ. ਸ਼ਿਖਾਵਤ ਸਰਦਾਨਾ ਨੇ ਕੀਤੀ। ਇਸ ਮੌਕੇ ਉਨ੍ਹਾਂ ਕੁੱਲ 124 ਬੱਚਿਆਂ ਦਾ ਚੈਕਅੱਪ ਕੀਤਾ ਅਤੇ ਕਲੱਬ ਵਲੋਂ ਇਕ ਇਕ ਟੁੱਥ ਪੇਸਟ ਅਤੇ ਬੁਰਸ਼ ਮੁਫਤ ਦਿੱਤਾ ਗਿਆ। ਇਸ ਮੌਕੇ ਦੰਦਾਂ ਨੂੰ ਸਵੱਛ ਅਤੇ ਸਾਫ ਰੱਖਣ ਲਈ ਟਿਪਸ ਦੱਸੇ, ਬੁਰਸ਼ ਕਰਨ ਦਾ ਤਰੀਕਾ ਵੀ ਦੱਸਿਆ ਗਿਆ। ਇਸ ਦੌਰਾਨ ਕਲੱਬ ਦੇ ਪ੍ਰਧਾਨ ਅਰਸ਼ਦੀਪ ਸਿੰਘ, ਸਕੱਤਰ ਪ੍ਰਦੀਪ ਬਾਂਸਲ, ਸਹਿ ਸਕੱਤਰ ਵਿਪਨ ਬਾਂਸਲ ਹਾਜ਼ਰ ਸਨ।