ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 10 ਅਪਰੈਲ
ਇੱਥੋਂ ਨੇੜਲੇ ਪਿੰਡ ਆਲੋਅਰਖ਼ ਵਿੱਚ ਆਵਾਰਾ ਕੁੱਤਿਆਂ ਦੇ ਝੁੰਡ ਨੇ ਇਕ 4 ਸਾਲਾ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਘਟਨਾ ਸਬੰਧੀ ਬੱਚੇ ਦੇ ਚਾਚਾ ਨੂਰ ਮੁਹੰਮਦ ਨੇ ਦੱਸਿਆ ਕਿ ਉਹ ਗੁੱਜਰ ਪਰਿਵਾਰ ਨਾਲ ਸਬੰਧਤ ਹਨ ਤੇ ਤੁਰ-ਫਿਰ ਕੇ ਮੱਝਾਂ ਵਗੈਰਾ ਚਰਾਉਣ ਤੇ ਪਸ਼ੂਆਂ ਆਦਿ ਦਾ ਵਪਾਰ ਕਰਦੇ ਹਨ।
ਦੋ ਦਿਨ ਪਹਿਲਾਂ ਹੀ ਉਹ ਆਪਣੇ ਪਰਿਵਾਰਾਂ ਸਮੇਤ ਪਿੰਡ ’ਚ ਰਹਿਣ ਆਏ ਸਨ। ਉੋ ਨੇ ਦੱਸਿਆ ਕਿ ਅੱਜ ਪਿੰਡ ਦੇ ਗੁਰਦੁਆਰੇ ਦੇ ਸਾਹਮਣੇ ਰਹਿੰਦਾ ਉਸ ਦਾ ਭਰਾ ਯਾਕੂਬ ਖ਼ਾਨ ਨਮਾਜ਼ ਪੜ੍ਹਨ ਲਈ ਗਿਆ, ਤਾਂ ਪਿੱਛੋਂ ਉਸ ਦਾ 4 ਸਾਲਾ ਲੜਕਾ ਮੱਖਣ ਖ਼ਾਨ ਘਰੋਂ ਗਾਇਬ ਹੋ ਗਿਆ। ਬੱਚੇ ਦੀ ਭਾਲ ਕਰਦਿਆਂ ਜਦੋਂ ਪਿੰਡ ਵਾਸੀ ਨੇੜੇ ਦੇ ਖੇਤਾਂ ’ਚ ਪੁੱਜੇ ਤਾਂ ਹੱਡਾ ਰੋੜੀ ਦੇ ਖੂੰਖਾਰ ਕੁੱਤੇ ਬੱਚੇ ਨੂੰ ਬੇਰਹਿਮੀ ਨਾਲ ਨੋਚ ਰਹੇ ਸਨ ਤੇ ਬੱਚਾ ਦਰਦ ਨਾਲ ਬੁਰੀ ਤਰ੍ਹਾਂ ਤੜਫ ਰਿਹਾ ਸੀ। ਲੋਕਾਂ ਨੇ ਹਿੰਮਤ ਕਰਕੇ ਕਿਸੇ ਤਰ੍ਹਾਂ ਬੱਚੇ ਨੂੰ ਕੁੱਤਿਆਂ ਦੇ ਚੁੰਗਲ ’ਚੋਂ ਛੁਡਵਾਇਆ। ਨੂਰ ਮੁਹੰਮਦ ਨੇ ਦੱਸਿਆ ਕਿ ਕੁੱਤਿਆਂ ਨੇ ਉਨ੍ਹਾਂ ਦੇ ਬੱਚੇ ਦਾ ਸਿਰ ਅਤੇ ਸਰੀਰ ਦੇ ਬਾਕੀ ਹਿੱਸੇ ਨੂੰ ਬੁਰੀ ਤਰ੍ਹਾਂ ਨੋਚ-ਨੋਚ ਕੇ ਗੰਭੀਰ ਜ਼ਖਮੀ ਕਰ ਦਿੱਤਾ। ਖੂਨ ਨਾਲ ਲੱਥਪਥ ਬੱਚੇ ਨੂੰ ਇਲਾਜ ਲਈ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਡਾਕਟਰਾਂ ਨੇ ਉਸ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ। ਪਿੰਡ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਨਗਰ ਨਿਵਾਸੀਆਂ ਨੇ ਪਰਿਵਾਰ ਨਾਲ ਸਹਿਯੋਗ ਕਰਦਿਆਂ ਬੱਚੇ ਦੇ ਇਲਾਜ ਲਈ ਉਸ ਦੇ ਪਰਿਵਾਰ ਨੂੰ ਸਾਂਝੇ ਤੌਰ ’ਤੇ ਪੈਸੇ ਇਕੱਤਰ ਕਰਕੇ ਵੀ ਦਿੱਤੇ।