ਆਤਿਸ਼ ਗੁਪਤਾ
ਚੰਡੀਗੜ੍ਹ, 27 ਜਨਵਰੀ
ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਕੇਸ ਘਟਣ ਕਾਰਨ ਯੂਟੀ ਪ੍ਰਸ਼ਾਸਨ ਨੇ ਕਰੋਨਾ ਪਾਬੰਦੀਆਂ ਦਾ ਘੇਰਾ ਵੀ ਘਟਾ ਦਿੱਤਾ ਹੈ। ਇਸ ਸਬੰਧ ਵਿੱਚ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ ਹੇਠ ਅੱਜ ਸਮੀਖਿਆ ਬੈਠਕ ਹੋਈ ਅਤੇ ਸੁਖਨਾ ਝੀਲ, ਜਿਮ ਅਤੇ ਸਿਹਤ ਕੇਂਦਰਾਂ ਨੂੰ ਮੁੜ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ। ਸ੍ਰੀ ਪੁਰੋਹਿਤ ਨੇ ਦੱਸਿਆ ਕਿ ਸਕੂਲਾਂ ਦੇ ਨਾਲ-ਨਾਲ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਵੀ ਪਹਿਲੀ ਫਰਵਰੀ ਤੋਂ ਖੋਲ੍ਹਿਆ ਜਾ ਸਕੇਗਾ।
ਇਸੇ ਤਰ੍ਹਾਂ ਸੁਖਨਾ ਝੀਲ ਨੂੰ ਵੀ ਸਵੇਰੇ 5 ਵਜੇ ਤੋਂ ਰਾਤ 10 ਵਜੇ ਤੱਕ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਕਰੋਨਾ ਨੇਮਾਂ ਦੀ ਪਾਲਣਾ ਕਰਦਿਆਂ ਸਾਰੀਆਂ ਗਤੀਵੀਧੀਆਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ। ਪ੍ਰਸ਼ਾਸਨ ਨੇ ਸੁਖਨਾ ਝੀਲ ’ਤੇ ਸਥਿਤ ਦੁਕਾਨਾਂ ਨੂੰ ਵਿਸ਼ੇਸ਼ ਤੌਰ ’ਤੇ ਕੋਵਿਡ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਸ਼ਹਿਰ ਵਿਚਲੇ ਸਾਰੇ ਜਿਮ ਅਤੇ ਸਿਹਤ ਕੇਂਦਰਾਂ ਨੂੰ 50 ਫ਼ੀਸਦ ਸਮਰੱਥਾ ਨਾਲ ਰਾਤ 10 ਵਜੇ ਤੱਕ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸੇ ਤਰ੍ਹਾਂ ਮਾਰਕੀਟਾਂ ਅਤੇ ਆਪਣੀ ਮੰਡੀਆਂ ਵੀ ਰਾਤ 10 ਵਜੇ ਤੱਕ ਖੁੱਲ੍ਹ ਸਕਣਗੀਆਂ। ਦੱਸਣਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿਚਲੇ ਸੈਕਟਰ-15, 22, 19 ਦੀਆਂ ਮਾਰਕੀਟਾਂ ਨੂੰ ਸ਼ਾਮ 5 ਵਜੇ ਤੱਕ ਬੰਦ ਕਰਨ ਦੇ ਆਦੇਸ਼ ਦਿੱਤੇ ਹੋਏ ਸਨ ਜੋ ਹੁਣ ਰਾਤ 10 ਵਜੇ ਤੱਕ ਖੋਲ੍ਹੀਆਂ ਜਾ ਸਕਣਗੀਆਂ।
ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ’ਤੇ ਹੋਵੇਗੀ ਕਾਨੂੰਨੀ ਕਾਰਵਾਈ: ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਪੁਲੀਸ ਨੂੰ ਆਦੇਸ਼ ਦਿੱਤੇ ਕਿ ਸ਼ਹਿਰ ਵਿੱਚ ਕਰੋਨਾ ਨੇਮਾਂ ਦੀ ਪਾਲਣਾ ਯਕੀਨੀ ਨਾਲ ਬਣਾਈ ਜਾਵੇ। ਜੇਕਰ ਕੋਈ ਵਿਅਕਤੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਘਰਾਂ ਵਿੱਚ ਮਰੀਜ਼ਾਂ ਦੀ ਜਾਂਚ ਲਈ ਨੀਤੀ ਤਿਆਰ ਕੀਤੀ ਜਾਵੇ। ਪੰਚਕੂਲਾ (ਪੱਤਰ ਪ੍ਰੇਰਕ): ਆਫ਼ਤ ਪ੍ਰਬੰਧਨ ਐਕਟ 2005 ਤਹਿਤ ਜ਼ਿਲ੍ਹੇ ਦੇ ਡੀਸੀ ਮਹਾਵੀਰ ਕੌਸ਼ਿਕ ਨੇ ‘ਮਹਾਮਾਰੀ ਅਲਰਟ-ਸੁਰੱਖਿਅਤ ਹਰਿਆਣਾ’ ਦੀ ਮਿਆਦ ਕੁਝ ਛੋਟਾਂ ਨਾਲ 10 ਫਰਵਰੀ ਸਵੇਰੇ 5 ਵਜੇ ਤੱਕ ਵਧਾ ਦਿੱਤੀ ਹੈ। ਡੀਸੀ ਅਨੁਸਾਰ ਜ਼ਿਲ੍ਹੇ ਦੇ ਮਾਲ ਅਤੇ ਬਾਜ਼ਾਰਾਂ ਨੂੰ ਸ਼ਾਮ 7 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੁੱਧ, ਦਵਾਈਆਂ ਅਤੇ ਕਰਿਆਨੇ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਪਹਿਲਾਂ ਵਾਂਗ ਪੂਰਾ ਸਮਾਂ ਖੁੱਲ੍ਹ ਸਕਣਗੀਆਂ।
ਚੰਡੀਗੜ੍ਹ ਵਿੱਚ ਕਰੋਨਾ ਦੇ 1183 ਨਵੇਂ ਮਰੀਜ਼; ਪੰਜ ਮੌਤਾਂ
ਚੰਡੀਗੜ੍ਹ (ਕੁਲਦੀਪ ਸਿੰਘ): ਚੰਡੀਗੜ੍ਹ ਵਿੱਚ ਬੀਤੇ ਦੋ ਦਿਨਾਂ ਵਿੱਚ ਕਰੋਨਾਵਾਇਰਸ ਦੇ 1183 ਨਵੇਂ ਮਰੀਜ਼ ਸਾਹਮਣੇ ਆਏ ਹਨ ਅਤੇ ਪਿੰਡ ਧਨਾਸ ਵਾਸੀ 11 ਮਹੀਨਿਆਂ ਦੀ ਬੱਚੀ ਸਮੇਤ ਪੰਜ ਮੌਤਾਂ ਹੋਈਆਂ ਹਨ। ਇਸ ਤੋਂ ਇਲਾਵਾ 2791 ਮਰੀਜ਼ਾਂ ਦਾ ਘਰੇਲੂ ਇਕਾਂਤਵਾਸ ਖ਼ਤਮ ਹੋਇਆ ਹੈ। ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 5420 ਹੈ। ਸਿਹਤ ਵਿਭਾਗ ਮੁਤਾਬਕ ਅੱਜ ਆਏ ਨਵੇਂ ਕੇਸ ਸੈਕਟਰ 1, 2, 3, 4, 5, 7, 8, 9, 10, 11, 12, 14, 15, 16, 18, 19, 20, 21, 22, 23 ਤੋਂ ਇਲਾਵਾ ਸੈਕਟਰ 56, 61, 63, 38-ਵੈਸਟ, ਬਡਹੇੜੀ, ਬਾਪੂ ਧਾਮ ਕਲੋਨੀ, ਬਹਿਲਾਣਾ, ਬੁੜੈਲ, ਡੱਡੂਮਾਜਰਾ, ਦੜੂਆ, ਧਨਾਸ, ਹੱਲੋਮਾਜਰਾ, ਇੰਡਸਟਰੀਅਲ ਏਰੀਆ ਫੇਜ਼-1, ਕੈਂਬਵਾਲਾ, ਕਜਹੇੜੀ, ਖੁੱਡਾ ਅਲੀਸ਼ੇਰ, ਖੁੱਡਾ ਜੱਸੂ, ਖੁੱਡਾ ਲਾਹੌਰਾ, ਕਿਸ਼ਨਗੜ੍ਹ, ਮਲੋਆ, ਮਨੀਮਾਜਰਾ, ਮੌਲੀ ਜਾਗਰਾਂ, ਪਲਸੌਰਾ, ਪੀ.ਜੀ.ਆਈ. ਕੈਂਪਸ, ਰਾਏਪੁਰ ਖੁਰਦ, ਰਾਮ ਦਰਬਾਰ ਅਤੇ ਸਾਰੰਗਪੁਰ ਦੇ ਵਸਨੀਕ ਹਨ। ਵੇਰਵਿਆਂ ਅਨੁਸਾਰ ਸੈਕਟਰ 44 ਵਾਸੀ 73 ਸਾਲਾ ਵਿਅਕਤੀ ਦੀ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ, ਸੈਕਟਰ-33 ਵਾਸੀ 90 ਸਾਲਾਂ ਦੀ ਮਰੀਜ਼ ਦੀ ਹੀਲਿੰਗ ਹਸਪਤਾਲ ਵਿੱਚ, ਪਿੰਡ ਦੜੂਆ ਵਾਸੀ 50 ਸਾਲਾਂ ਦੇ ਵਿਅਕਤੀ ਦੀ ਜੀ.ਐੱਮ.ਐੱਸ.ਐੱਚ.-16 ਵਿੱਚ ਜਦਕਿ ਪਿੰਡ ਧਨਾਸ ਦੀ 11 ਮਹੀਨੇ ਦੀ ਬੱਚੀ ਦੀ ਜੀ.ਐੱਮ.ਸੀ.ਐੱਚ.-32 ਵਿੱਚ ਮੌਤ ਹੋਈ ਹੈ। ਸੈਕਟਰ 28 ਵਾਸੀ 34 ਸਾਲਾ ਵਿਅਕਤੀ ਨੂੰ ਜੀ.ਐੱਮ.ਐੱਸ.ਐੱਚ.-16 ਵਿੱਚ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ ਸੀ ਜਿਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਵਿਅਕਤੀ ਪਿਛਲੇ ਕਰੀਬ 18 ਸਾਲਾਂ ਤੋਂ ਧੋਬੀ ਦਾ ਕੰਮ ਕਰਦਾ ਸੀ।
ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਕਰੋਨਾ ਦੇ 724 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਕ ਵਿਅਕਤੀ ਦੀ ਮੌਤ ਹੋਈ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਹਾਲੀ ਸ਼ਹਿਰੀ ਖੇਤਰ ਵਿੱਚ 299 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ ਜਦੋਂਕਿ ਬਨੂੜ ਵਿੱਚ 5, ਕੁਰਾਲੀ ਵਿੱਚ 6, ਲਾਲੜੂ ਵਿੱਚ 8, ਘੜੂੰਆਂ ਵਿੱਚ 41, ਬੂਥਗੜ੍ਹ ਵਿੱਚ 42, ਡੇਰਾਬੱਸੀ ਵਿੱਚ 47, ਖਰੜ ਵਿੱਚ 135 ਅਤੇ ਢਕੋਲੀ ਵਿੱਚ 141 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ। ਇਸ ਸਮੇਂ ਕਰੋਨਾ ਮਹਾਮਾਰੀ ਦੇ 7143 ਨਵੇਂ ਐਕਟਿਵ ਕੇਸ ਹਨ ਤੇ 1354 ਕਰੋਨਾ ਪੀੜਤ ਮਰੀਜ਼ ਠੀਕ ਵੀ ਹੋਏ ਹਨ।
ਪੰਚਕੂਲਾ (ਪੱਤਰ ਪ੍ਰੇਰਕ): ਇਥੇ ਅੱਜ ਕਰੋਨਾ ਦੇ 256 ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਕਰੋਨਾ ਕਾਰਨ 3 ਵਿਅਕਤੀਆਂ ਦੀ ਮੌਤ ਵੀ ਹੋਈ ਹੈ। ਇਸ ਸਮੇਂ ਪੰਚਕੂਲਾ ਜ਼ਿਲ੍ਹੇ ਵਿੱਚ 1456 ਕਰੋਨਾ ਐਕਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਰਿਕਵਰੀ ਰੇਟ 95.56 ਫੀਸਦ ਹੈ ਅਤੇ ਪਾਜ਼ੇਟੀਵਿਟੀ ਰੇਟ 30.26 ਫੀਸਦ ਹੈ।
ਅੰਬਾਲਾ (ਰਤਨ ਸਿੰਘ ਢਿੱਲੋਂ): ਅੱਜ ਕਰੋਨਾ ਦੀ ਮਰੀਜ਼ ਅੰਬਾਲਾ ਸ਼ਹਿਰ ਦੀ 63 ਸਾਲਾ ਮਹਿਲਾ ਦੀ ਮੌਤ ਹੋ ਗਈ ਹੈ। ਉਹ ਦਿਲ ਦੀ ਮਰੀਜ਼ ਸੀ। ਇਸੇ ਦੌਰਾਨ ਜ਼ਿਲ੍ਹੇ ਵਿੱਚ 189 ਲੋਕ ਕਰੋਨਾ ਪਾਜ਼ੇਟਿਵ ਮਿਲੇ ਹਨ ਜਦੋਂ ਕਿ ਰਾਹਤ ਦੀ ਖ਼ਬਰ ਇਹ ਹੈ ਕਿ ਅੱਜ 613 ਮਰੀਜ਼ ਕਰੋਨਾ ਨੂੰ ਮਾਤ ਦੇ ਕੇ ਠੀਕ ਵੀ ਹੋਏ ਹਨ। ਕੁੱਲ ਐਕਟਿਵ ਮਰੀਜ਼ਾਂ ਦਾ ਅੰਕੜਾ 2875 ਤੱਕ ਪਹੁੰਚ ਗਿਆ ਹੈ। ਅੱਜ ਅੰਬਾਲਾ ਸ਼ਹਿਰ ਤੋਂ 39, ਛਾਉਣੀ ਤੋਂ 36, ਚੌੜਮਸਤਪੁਰ ਤੋਂ 31, ਨਰਾਇਣਗੜ੍ਹ ਤੋਂ 5, ਸ਼ਾਹਜ਼ਾਦਪੁਰ ਤੋਂ 40, ਬਰਾੜਾ ਤੋਂ 10 ਅਤੇ ਮੁਲਾਣਾ ਤੋਂ 28 ਮਰੀਜ਼ ਸਾਹਮਣੇ ਆਏ ਹਨ। ਵੀਰਵਾਰ ਨੂੰ ਆਏ ਨਵੇਂ ਮਾਮਲਿਆਂ ਵਿਚ 23 ਬੱਚੇ ਅਤੇ 11 ਸਰਕਾਰੀ ਕਰਮਚਾਰੀ ਵੀ ਸ਼ਾਮਲ ਹਨ। ਸਿਹਤ ਵਿਭਾਗ ਨੇ 2453 ਲੋਕਾਂ ਨੂੰ ਕਰੋਨਾ ਤੋਂ ਬਚਾਅ ਦਾ ਟੀਕਾ ਲਾਇਆ ਹੈ। ਨਗਰ ਨਿਗਮ ਅੰਬਾਲਾ ਸ਼ਹਿਰ ਨੇ ਅੱਜ ਤੋਂ ਪਬਲਿਕ ਡੀਲਿੰਗ ਸ਼ੁਰੂ ਕਰ ਦਿੱਤੀ ਹੈ।