ਹਰਮੇਸ਼ਪਾਲ ਨੀਲੇਵਾਲ
ਜ਼ੀਰਾ, 12 ਮਈ
ਸਾਬਕਾ ਸਿਹਤ ਮੰਤਰੀ ਪੰਜਾਬ, ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ, ਕਿਸਾਨ-ਮਜ਼ਦੂਰ ਸੈੱਲ ਦੇ ਚੇਅਰਮੈਨ ਅਤੇ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਪਿਤਾ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦਾ ਦੇਹਾਂਤ ਹੋ ਗਿਆ ਹੈ। ਉਹ 63 ਵਰ੍ਹਿਆਂ ਦੇ ਸਨ ਅਤੇ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਪੀੜਤ ਸਨ। ਉਨ੍ਹਾਂ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ। ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਸਰਕਾਰ ਵੇਲੇ ਸਿਹਤ ਮੰਤਰੀ ਰਹਿ ਚੁੱਕੇ ਹਨ। ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦਾ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਸਤੀ ਬੂਟੇ ਵਾਲੀ (ਜ਼ੀਰਾ) ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਪੁਲੀਸ ਦੀ ਟੁਕੜੀ ਵੱਲੋਂ ਸਲਾਮੀ ਦੇਣ ਮਗਰੋਂ ਉਨ੍ਹਾਂ ਦੇ ਪੁੱਤਰ ਕੁਲਬੀਰ ਸਿੰਘ ਜ਼ੀਰਾ ਨੇ ਚਿਖਾ ਨੂੰ ਅਗਨੀ ਭੇਟ ਕੀਤੀ। ਇਸ ਮੌਕੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ, ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਹਲਕਾ ਖਡੂਰ ਸਾਹਿਬ, ਵਿਧਾਇਕ ਪਰਮਿੰਦਰ ਸਿੰਘ ਪਿੰਕੀ ਫਿਰੋਜ਼ਪੁਰ, ਵਿਧਾਇਕ ਹਰਜੋਤ ਕਮਲ ਮੋਗਾ, ਵਿਧਾਇਕ ਸਤਿਕਾਰ ਕੌਰ ਗਹਿਰੀ ਫਿਰੋਜ਼ਪੁਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਮੈਂਬਰ ਸੁਰਿੰਦਰ ਸਿੰਘ ਜੌੜਾ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹੋਰ ਸਿਆਸੀ ਆਗੂਆਂ ਨੇ ਇੰਦਰਜੀਤ ਸਿੰਘ ਜ਼ੀਰਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਚੰਡੀਗੜ੍ਹ/ਲੁਧਿਆਣਾ (ਟਨਸ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇੰਦਰਜੀਤ ਸਿੰਘ ਜ਼ੀਰਾ ਦੇ ਤੁਰ ਜਾਣ ਨਾਲ ਪਾਰਟੀ ਸਫਾਂ ਵਿੱਚ ਖਲਾਅ ਪੈਦਾ ਹੋ ਗਿਆ, ਜਿਸ ਨੂੰ ਪੂਰਨਾ ਬਹੁਤ ਔਖਾ ਹੈ। ਇਕ ਸ਼ੋਕ ਸੰਦੇਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇੰਦਰਜੀਤ ਸਿੰਘ ਜ਼ੀਰਾ ਨੂੰ ਚੰਗੇ ਗੁਣਾਂ ਦੇ ਧਾਰਨੀ ਇਨਸਾਨ ਅਤੇ ਭੱਦਰਪੁਰਸ਼ ਸਿਆਸਤਦਾਨ ਦੱਸਿਆ, ਜਿਸ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਕਾਰਜ ਕੀਤੇ। ਇਸੇ ਦੌਰਾਨ ਸੀਨੀਅਰ ਅਕਾਲੀ ਆਗੂਆਂ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਹੋਰਨਾਂ ਨੇ ਵੀ ਜ਼ੀਰਾ ਦੀ ਮੌਤ ’ਤੇ ਦੁੱਖ ਪ੍ਰਗਟਾਇਆ।