ਗਾਰਗੀ ਕਾਲਜ ਦਿੱਲੀ ਨੂੰ ਤਿੰਨ ਵਿਕਟਾਂ ਨਾਲ ਹਰਾਇਆ; ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਹੋਇਆ ਫਾਈਨਲ ਮੁਕਾਬਲਾ
ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 25 ਅਕਤੂਬਰ
ਇੱਥੋਂ ਦੇ ਪੀਸੀਏ ਸਟੇਡੀਅਮ ਵਿਖੇ ਹੋਏ ਪਹਿਲੇ ਕੌਮੀ ਰੈੱਡ ਬੁੱਲ ਮਹਿਲਾ ਕੈਂਪਸ ਕ੍ਰਿਕਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਮੁੰਬਈ ਦੇ ਰਿਜ਼ਵੀ ਕਾਲਜ ਦੀਆਂ ਲੜਕੀਆਂ ਨੇ ਦਿੱਲੀ ਦੇ ਗਾਰਗੀ ਕਾਲਜ ਦੀਆਂ ਲੜਕੀਆਂ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਚੈਂਪੀਅਨਸ਼ਿਪ ਉੱਤੇ ਕਬਜ਼ਾ ਕੀਤਾ। ਕੌਮੀ ਪੱਧਰ ਦੇ ਵਿੱਦਿਅਕ ਸੰਸਥਾਵਾਂ ਦੀਆਂ ਲੜਕੀਆਂ ਦੇ ਇਸ ਪਹਿਲੇ ਕ੍ਰਿਕਟ ਟੂਰਨਾਮੈਂਟ ਵਿੱਚ ਮੁੰਬਈ, ਦਿੱਲੀ, ਚੇਨਈ ਅਤੇ ਰਾਂਚੀ ਦੇ ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ।
ਰਿਜ਼ਵੀ ਕਾਲਜ ਮੁੰਬਈ ਦੀ ਟੀਮ ਦੀ ਕਪਤਾਨ ਤਨੀਸ਼ਾ ਗਾਇਕਵਾੜ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਗਾਰਗੀ ਕਾਲਜ ਦਿੱਲੀ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਉੱਤੇ 81 ਦੌੜਾਂ ਬਣਾਈਆਂ। ਰਿਜ਼ਵੀ ਕਾਲਜ ਮੁੰਬਈ ਨੇ ਮਹਿਜ਼ 12.4 ਓਵਰਾਂ ਵਿੱਚ ਹੀ 7 ਵਿਕਟਾਂ ਉੱਤੇ 82 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਰਿਜ਼ਵੀ ਕਾਲਜ ਦੀ ਗੇਂਦਬਾਜ਼ ਨਿਰਮਲ ਕਸ਼ਿਸ਼ ਨੇ ਚਾਰ ਓਵਰਾਂ ਵਿੱਚ ਤਿੰਨ ਵਿਕਟਾਂ ਹਾਸਿਲ ਕਰਕੇ ਮੈਨ ਆਫ਼ ਦਾ ਮੈਚ ਖਿਤਾਬ ਜਿੱਤਿਆ।
ਮਹਿਲਾ ਕ੍ਰਿਕਟ ਚੈਂਪੀਅਨਸ਼ਿਪ ਦੀ ਜੇਤੂ ਰਿਜ਼ਵੀ ਕਾਲਜ ਮੁੰਬਈ ਦੀ ਟੀਮ।-ਫੋਟੋ: ਚਿੱਲਾ