ਕੁਲਦੀਪ ਸਿੰਘ
ਚੰਡੀਗੜ੍ਹ, 15 ਮਾਰਚ
ਆਲ ਇੰਡੀਆ ਟਰੇਡ ਯੂਨੀਅਨ (ਏਟਕ) ਇਕਾਈ ਵੱਲੋਂ ਸੈਕਟਰ 17 ਪਲਾਜ਼ਾ ਵਿੱਚ ਵਧਦੀ ਮਹਿੰਗਾਈ ਖ਼ਿਲਾਫ਼ ਰੈਲੀ ਕੀਤੀ ਗਈ ਜਿਸ ਨੂੰ ਕਾਮਰੇਡ ਰਾਜ ਕੁਮਾਰ ਪ੍ਰਧਾਨ, ਸਤਿਆਵੀਰ ਸਿੰਘ, ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਦੀ ਅਗਵਾਈ ਵਿੱਚ ਕੀਤੀ ਗਈ ਰੋਸ ਰੈਲੀ ਵਿੱਚ ਸ਼ਾਮਿਲ ਲੋਕਾਂ ਨੇ ਕੇਂਦਰ ਵਿਚਲੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਕਿਹਾ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਵੱਲੋਂ ਦੇਸ਼ ਅੰਦਰ ਸਰਕਾਰੀ ਅਦਾਰਿਆਂ ਨੂੰ ਤੋੜਿਆ ਜਾ ਰਿਹਾ ਹੈ, ਪਬਲਿਕ ਸੈਕਟਰ ਦੇ ਬੈਂਕਾਂ, ਸੀ.ਟੀ.ਯੂ., ਬਿਜਲੀ ਵਿਭਾਗ ਵਰਗੇ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਕੀਤੇ ਜਾ ਰਹੇ ਹਨ, ਮਹਿੰਗਾਈ ਅਤੇ ਬੇਰੁਜ਼ਗਾਰੀ ਵਧ ਰਹੀ ਹੈ, ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਸੜਕਾਂ ਉੱਤੇ ਉਤਰੇ ਹੋਏ ਹਨ, ਕਿਰਤੀ ਕਾਮਿਆਂ ਵਿਰੋਧੀ ਕਾਨੂੰਨ ਬਣਾਏ ਜਾ ਰਹੇ ਹਨ, ਰਸੋਈ ਗੈਸ ਅਤੇ ਤੇਲ ਕੀਮਤਾਂ ਦੇ ਭਾਅ ਅਸਮਾਨੀਂ ਛੂਹ ਰਹੇ ਹਨ। ਸਿੱਖਿਆ ਵੀ ਗਰੀਬਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਦੇਸ਼ ਵਿੱਚ ਪੈਦਾ ਹੋ ਰਹੇ ਅਜਿਹੇ ਹਾਲਾਤ ਸਾਡੇ ਦੇਸ਼ ਦੇ ਭਵਿੱਖ ਲਈ ਖਤਰੇ ਦੀ ਘੰਟੀ ਹੈ।
ਯੂ.ਟੀ. ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ ਚੰਡੀਗੜ੍ਹ ਦੇ ਪ੍ਰਧਾਨ ਰਣਜੀਤ ਹੰਸ ਨੇ ਕਿਹਾ ਕਿ ਪ੍ਰਦੂਸ਼ਣ ਮੁਕਤ ਬੱਸਾਂ ਦੇ ਨਾਂ ’ਤੇ ਪ੍ਰਾਈਵੇਟ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਦੇ ਪਰਮਿਟ ਨਿੱਜੀ ਟਰਾਂਸਪੋਰਟਰਾਂ ਨੂੰ ਦੇਣ ਵਾਸਤੇ ਮੰਗੇ ਗਏ ਟੈਂਡਰ ਤੁਰੰਤ ਰੱਦ ਕੀਤੇ ਜਾਣ। ਅੱਜ ਦੀ ਰੋਸ ਰੈਲੀ ਨੂੰ ਕਰਮ ਸਿੰਘ ਵਕੀਲ, ਦਿਲਬਾਗ ਸਿੰਘ, ਭੁਪਿੰਦਰ ਸਿੰਘ, ਨਾਇਬ ਸਿੰਘ, ਬੁੱਧੀ ਰਾਜ ਅਤੇ ਸ਼ੰਗਾਰਾ ਸਿੰਘ ਨੇ ਕਿਹਾ ਜੇ ਕਿਰਤੀਆਂ ਨਾਲ ਇਸੇ ਤਰ੍ਹਾਂ ਨਾਇਨਸਾਫੀ ਹੁੰਦੀ ਰਹੀ ਤਾਂ ਭਵਿੱਖ ਵਿਚ ਸੰਘਰਸ਼ ਹੋਰ ਤਿੱਖਾ ਰੂਪ ਅਖਤਿਆਰ ਕਰਨਗੇ।
ਰੂਪਨਗਰ (ਬਹਾਦਰਜੀਤ ਸਿੰਘ): ਦਸ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਦੇ ਸੱਦੇ ’ਤੇ ਅੱਜ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੇ ਲੋਕ ਮਾਰੂ ਫੈਸਲਿਆਂ ਵਿਰੁੱਧ ਜ਼ਿਲ੍ਹਾ ਏਟਕ, ਸੀਟੂ ਅਤੇ ਕਿਸਾਨਾਂ ਵੱਲੋਂ ਰੇਲਵੇ ਸਟੇਸ਼ਨ ਅੱਗੇ ਮੋਦੀ ਸਰਕਾਰ ਵਿਰੁੱਧ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿੱਚ ਏਟਕ, ਸੀਟੂ ਅਤੇ ਹੋਰ ਯੂਨੀਅਨਾਂ ਵਿੱਚੋਂ ਬਿਜਲੀ ਫੈਡਰੇਸ਼ਨ ਏਟਕ, ਬਿਜਲੀ ਪੈਨਸ਼ਨ ਐਸੋਸੀਏਸ਼ਨ, ਰੂਪਨਗਰ ਥਰਮਲ ਦੇ ਕੰਟਰੈਕਟ ਕਾਮੇ, ਅੰਬੂਜਾ ਸੀਮੇਂਟ ਫੈਕਟਰੀ, ਪੀਐੱਸਐੱਸਐੱਫ ਅਤੇ ਬੈਂਕਾਂ ਸਾਂਝਾ ਕਿਸਾਨ ਮੋਰਚਾ ਦੇ ਕਾਰਕੁਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਧਰਨੇ ਨੂੰ ਏਟਕ ਵੱਲੋਂ ਰਾਧੇ ਸ਼ਿਆਮ, ਸੁਖਦੇਵ ਸਿੰਘ ਸੁਰਤਾਪੁਰੀ, ਚਰਨ ਦਾਸ, ਰਾਜ ਕੁਮਾਰ ਤਿਵਾੜੀ ਸਟੇਟ ਆਗੂ, ਰਜਿੰਦਰ ਸਿੰਘ, ਬਨਵਾਰੀ ਲਾਲ, ਕੁਲਦੀਪ ਸਿੰਘ ਘਨੌਲੀ, ਹਰੀਚੰਦ, ਹਰਿੰਦਰ ਬਾਲਾ, ਮੁਰਲੀ ਮਨੋਹਰ, ਹਰਿੰਦਰ ਬਾਲਾ, ਮੱਲ ਸਿੰਘ, ਰਾਜਿੰਦਰ ਸਿੰਘ, ਬਲਵਿੰਦਰ ਰੋਡਵੇਜ਼, ਦਵਿੰਦਰ ਸਿੰਘ ਜਟਾਣਾ ਅਤੇ ਮਨਮੋਹਨ ਸਿੰਘ ਬੈਂਕ ਆਗੂ, ਸੀਟੂ ਵੱਲੋਂ ਗੁਰਦੇਵ ਸਿੰਘ ਬਾਗੀ, ਮਹਾਂ ਸਿੰਘ ਰੋੜੀ, ਪ੍ਰੇਮ ਸਿੰਘ ਜੱਟਪੁਰ, ਜਸਵੰਤ ਸਿੰਘ ਸੈਣੀ, ਰਾਜਪਾਲ ਕੌਰ, ਸੁਮਨ ਦੇਵੀ, ਕਿਸਾਨ ਆਗੂ ਸਤਨਾਮ ਸਿੰਘ, ਕੁਲਵੰਤ ਸਿੰਘ, ਦਵਿੰਦਰ ਨੰਗਲੀ, ਰੁਪਿੰਦਰ ਸਿੰਘ ਰੂਪਾ, ਪਰਮਿੰਦਰ ਸਿੰਘ, ਚਰਨ ਸਿੰਘ ਮੁੰਡੀਆਂ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਲਾਲੜੂ (ਸਰਬਜੀਤ ਸਿੰਘ ਭੱਟੀ): ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਨਿੱਜੀਕਰਨ ਵਿਰੋਧੀ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਅਤੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਦੱਪਰ ਰੇਲਵੇ ਸਟੇਸ਼ਨ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬੁਲਾਰਿਆ ਨੇ ਮੰਗ ਕੀਤੀ ਕਿ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਵਾਪਸ ਲਈਆ ਜਾਣ ਤੇ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ।
ਇਸ ਮੌਕੇ ਐਡਵੋਕੇਟ ਜਸਪਾਲ ਸਿੰਘ ਦੱਪਰ, ਪ੍ਰਧਾਨ ਕਿਸਾਨ ਯੂਨੀਅਨ ਕਰਮ ਸਿੰਘ, ਗੁਰਪ੍ਰੀਤ ਸਿੰਘ, ਸ਼ੇਰ ਸਿੰਘ ਸਕੱਤਰ, ਮੀਤ ਪ੍ਰਧਾਨ ਪੰਜਾਬ ਏਟਕ ਵਿਨੋਦ ਚੁੱਘ, ਸਵਰਨ ਸਿੰਘ ਮਾਵੀ, ਨਿਰਮੈਲ ਸਿੰਘ ਜੌਲਾ, ਜਗਦੀਸ ਸ਼ਰਮਾ, ਹਰਵਿੰਦਰ ਸਿੰਘ ਝਰਮੜੀ, ਭਜਨ ਸਿੰਘ ਦੱਪਰ, ਅਵਤਾਰ ਸਿੰਘ ਦੱਪਰ, ਬਲਵਿੰਦਰ ਸਿੰਘ ਜੜੌਤ, ਅਸਵਨੀ ਮਿਨਹਾਸ ਸਮੇਤ ਅਨੇਕਾ ਨੇ ਆਪਣੇ ਵਿਚਾਰ ਰੱਖੇ।