ਨਵਕਿਰਨ ਸਿੰਘ
ਮਹਿਲ ਕਲਾਂ, 13 ਫਰਵਰੀ
ਖੇਡਾਂ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਅਤੇ ਸਪੋਰਟਸ ਕਲੱਬ ਮਹਿਲ ਕਲਾਂ ਵੱਲੋਂ ਪਿੰਡ ਦੇ ਨੌਜਵਾਨਾਂ ਨੂੰ ਸਾਹਿਤਕ ਚੇਟਕ ਲਾਉਣ ਲਈ ਕੰਧਾਂ ’ਤੇ ਨਾਮਵਰ ਸਾਹਿਤਕਾਰਾਂ ਦੀਆਂ ਸਾਹਿਤਕ ਤੁਕਾਂ ਲਿਖਾਈਆਂ ਗਈਆਂ ਹਨ। ਕਲੱਬ ਵੱਲੋਂ ਕਿਸਾਨ ਸੰਘਰਸ਼ ਦੇ ਮੱਦੇਨਜ਼ਰ ਇਸ ਵਾਰ ਦਾ ਖੇਡ ਮੇਲਾ ਮੁਲਤਵੀ ਕਰ ਕੇ ਪਿਛਲੇ 4 ਮਹੀਨਿਆਂ ਤੋਂ ਕਲੱਬ ਮੈਂਬਰਾਂ ਨੂੰ ਵਲੰਟੀਅਰ ਵਜੋਂ ਸੰਘਰਸ਼ ਵਿੱਚ ਉਤਾਰਿਆ ਹੋਇਆ ਹੈ।
ਪਿੰਡ ਦੇ ਸਕੂਲਾਂ, ਪਾਰਕਾਂ, ਸੱਥਾਂ ਅਤੇ ਬਾਜ਼ਾਰ ਵਿੱਚ ਕੰਧਾਂ ‘ਤੇ ਵੱਖ-ਵੱਖ ਪੇਂਟਰਾਂ ਵੱਲੋਂ ਬਣਵਾਏ ਸਾਹਿਤਕ ਪੋਸਟਰ ਖਿੱਚ ਦਾ ਕੇਂਦਰ ਬਣੇ ਹੋਏ ਹਨ। ਪਿੰਡ ਦੀਆਂ ਕੰਧਾਂ ’ਤੇ ਅੰਤਰਾਰਸ਼ਟਰੀ ਪ੍ਰਸਿੱਧੀ ਪ੍ਰਾਪਤ ਸਾਹਿਤਕਾਰ ਬਾਬਾ ਨਜ਼ਮੀ, ਸੁਰਜੀਤ ਪਾਤਰ, ਪ੍ਰੋਫੈਸਰ ਮੋਹਨ ਸਿੰਘ, ਇਨਕਲਾਬੀ ਕਵੀ ਅਵਤਾਰ ਪਾਸ਼ ਅਤੇ ਸੁਰਜੀਤ ਗੱਗ ਦੀਆਂ ਲਿਖੀਆਂ ਕਵਿਤਾਵਾਂ ਨੂੰ ਲੰਘਣ ਵਾਲੇ ਲੋਕ ਖੜ੍ਹ ਖੜ੍ਹ ਕੇ ਪੜ੍ਹਦੇ ਵੀ ਅਕਸਰ ਵੇਖੇ ਜਾ ਸਕਦੇ ਹਨ। ਕੁੱਝ ਥਾਵਾਂ ’ਤੇ ਕਵਿਤਾ ਦੇ ਨਾਲ ਨਾਲ ਕਵੀ ਦੀ ਤਸਵੀਰ ਵੀ ਉਕਰੀ ਹੋਈ ਹੈ।
ਕਲੱਬ ਦੇ ਪ੍ਰੈਸ ਸਕੱਤਰ ਮਾਸਟਰ ਬਲਜਿੰਦਰ ਪ੍ਰਭੂ ਨੇ ਦੱਸਿਆ ਕਿ ਕਲੱਬ ਵਲੋਂ ਬਣਵਾਏ ਗਏ ਇਨ੍ਹਾਂ ਪੋਸਟਰਾਂ ਨਾਲ ਜਿੱਥੇ ਪਿੰਡ ਦੀ ਦਿੱਖ ਨੂੰ ਚਾਰ ਚੰਨ ਲੱਗੇ ਹਨ, ਉੱਥੇ ਹੀ ਪਿੰਡ ਦੇ ਨੌਜਵਾਨਾਂ ਦਾ ਲੋਕ ਪੱਖੀ ਸਾਹਿਤ ਵੱਲ ਝੁਕਾਅ ਵੀ ਵਧਿਆ ਹੈ। ਕਲੱਬ ਦੇ ਚੇਅਰਮੈਨ ਰਜਿੰਦਰ ਕੁਮਾਰ ਨੇ ਕਿਹਾ ਕਿ ਸਾਡੇ ਇਸ ਉਪਰਾਲੇ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਉਸਾਰੂ ਸਾਹਿਤ ਨਾਲ ਜੁੜਨ, ਖੇਡਾਂ ਨਾਲ ਜੁੜਨ, ਸਮਾਜਿਕ ਕਦਰਾਂ ਕੀਮਤਾਂ ’ਤੇ ਕਾਇਮ ਰਹਿਣ ਦੀ ਪ੍ਰੇਰਣਾ ਮਿਲਦੀ ਹੈ।
ਕਲੱਬ ਵਲੋਂ ਮਹਿਲ ਕਲਾਂ ਦੇ ਟੋਲ ਪਲਾਜ਼ਾ ਅੱਗੇ ਚੱਲ ਰਹੇ ਕਿਸਾਨ ਧਰਨੇ ਦੇ ਲੰਗਰਾਂ ਲਈ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਕਈ ਵਾਰ ਦਿੱਲੀ ਸੰਘਰਸ਼ ਲਈ ਰਸਦ ਭੇਜੀ ਗਈ ਹੈ। ਲੰਘੀ 26 ਜਨਵਰੀ ਨੂੰ ਦਿੱਲੀ ਵਿੱਚ ਕੀਤੀ ਗਈ ਟਰੈਕਟਰ ਪਰੇਡ ਵਿੱਚ ਮਹਿਲ ਕਲਾਂ ਤੋਂ ਦਿੱਲੀ ਗਏ ਹਰ ਟਰੈਕਟਰ ਨੂੰ ਕਲੱਬ ਵੱਲੋਂ 5 ਹਜ਼ਾਰ ਰੁਪਏ ਤੇਲ ਖ਼ਰਚ ਵਜੋਂ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਜਦ ਤੱਕ ਕਿਸਾਨ ਸੰਘਰਸ਼ ਚੱਲੇਗਾ ਉਹ ਖੇਡ ਮੇਲਾ ਨਹੀਂ ਕਰਵਾਉਣਗੇ ਤੇ ਸੰਘਰਸ਼ ਵਿੱਚ ਹਰ ਤਰ੍ਹਾਂ ਦਾ ਯੋਗਦਾਨ ਪਾਉਂਦੇ ਰਹਿਣਗੇ।