ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਜੂਨ
ਗਰਮੀ ਦਾ ਕਹਿਰ ਨਿਰੰਤਰ ਜਾਰੀ ਹੈ ਅਤੇ ਇਸ ਕਹਿਰ ਕਾਰਨ ਪਿਛਲੇ ਤਿੰਨ ਦਿਨਾਂ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਅੱਜ ਵੀ ਤਾਪਮਾਨ ਲਗਪਗ 44 ਡਿਗਰੀ ਸੈਲਸੀਅਸ ਰਿਹਾ ਹੈ, ਜਿਸ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਹੈ। ਪੁਲੀਸ ਦੀ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਪਿਛਲੇ 3 ਦਿਨਾਂ ਦੌਰਾਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ 5 ਅਣਪਛਾਤੇ ਵਿਅਕਤੀਆਂ ਦੀ ਮੌਤ ਹੋਈ ਹੈ, ਜਿਨ੍ਹਾਂ ਦੀ ਮੌਤ ਦੇ ਕਾਰਨ ਤਾਂ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਮੁੱਢਲੇ ਤੌਰ ’ਤੇ ਇਨ੍ਹਾਂ ਦੀ ਮੌਤ ਦਾ ਕਾਰਨ ਗਰਮੀ ਦਾ ਕਹਿਰ ਹੀ ਲੱਗ ਰਿਹਾ ਹੈ। ਇਨ੍ਹਾਂ ਵਿੱਚੋਂ 2 ਦੀ ਮੌਤ ਬੀਤੇ ਕੱਲ੍ਹ ਤੇ ਦੋ ਦੀਆਂ ਲਾਸ਼ਾਂ ਵੀਰਵਾਰ ਨੂੰ ਮਿਲੀਆਂ ਸਨ ਜਦੋਂਕਿ ਇਕ ਵਿਅਕਤੀ ਦੀ ਲਾਸ਼ ਬੁੱਧਵਾਰ ਨੂੰ ਮਿਲੀ ਸੀ। ਇਹ ਸਾਰੀਆਂ ਲਾਸ਼ਾਂ ਮੁਰਦਾਘਰ ਵਿੱਚ 72 ਘੰਟਿਆਂ ਵਾਸਤੇ ਸ਼ਨਾਖਤ ਲਈ ਰਖੀਆਂ ਗਈਆਂ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਵੀ ਤਾਪਮਾਨ ਲਗਪਗ 44 ਡਿਗਰੀ ਦਰਜ ਕੀਤਾ ਗਿਆ ਹੈ, ਜੋ ਪਿਛਲੇ ਲਗਪਗ ਇਕ ਹਫਤੇ ਤੋਂ ਇੰਝ ਹੀ ਜਾਰੀ ਹੈ ਅਤੇ ਮੌਸਮ ਦਾ ਇਹ ਗਰਮ ਮਿਜ਼ਾਜ ਵੀਰਵਾਰ ਤੱਕ ਇਸੇ ਤਰ੍ਹਾਂ ਬਣੇ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ। ਸ਼ੁੱਕਰਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਪਿਛਲੇ ਇਕ ਹਫਤੇ ਤੋਂ ਲਗਾਤਾਰ ਬਣੇ ਮੌਸਮ ਦੇ ਗਰਮ ਮਿਜ਼ਾਜ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਦੁਪਹਿਰ ਵੇਲੇ ਵਧੇਰੇ ਸੜਕਾਂ ’ਤੇ ਸੁੰਨ ਪਸਰੀ ਨਜ਼ਰ ਆਉਂਦੀ ਹੈ ਤੇ ਸ਼ਹਿਰ ’ਚ ਕਈ ਥਾਵਾਂ ’ਤੇ ਦੁਪਹਿਰ ਵੇਲੇ ਦੁਕਾਨਦਾਰਾਂ ਵੱਲੋਂ ਗਰਮੀ ਦੀ ਲੂ ਤੋਂ ਬਚਣ ਵਾਸਤੇ ਆਪਣੀਆਂ ਦੁਕਾਨਾਂ ਆਦਿ ਬੰਦ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਡਾਕਟਰਾਂ ਵੱਲੋਂ ਲੂ ਤੋਂ ਬਚਣ ਲਈ ਬੱਚਿਆਂ ਤੇ ਬਜ਼ੁਰਗਾਂ ਆਦਿ ਨੂੰ ਦੁਪਿਹਰ ਵੇਲੇ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਮਨੁੱਖਾਂ ਤੋਂ ਇਲਾਵਾ ਗਰਮੀ ਦਾ ਇਹ ਪ੍ਰਕੋਪ ਪਸ਼ੂਆਂ ਪੰਛੀਆਂ ਲਈ ਵੀ ਜਾਨਲੇਵਾ ਬਣਿਆ ਹੋਇਆ ਹੈ।
ਤਰਨ ਤਾਰਨ (ਗੁਰਬਖਸ਼ਪੁਰੀ) ਲੋਹੜੇ ਦੀ ਗਰਮੀ ਤੇ ਉੱਤੋਂ ਬਿਜਲੀ ਦੀ ਨਿਕੰਮੀ ਸਪਲਾਈ ਲੋਕਾਂ ਦੇ ਵੱਟ ਕੱਢੀ ਜਾ ਰਹੀ ਹੈ| ਲੋਕਾਂ ਨੂੰ ਆਉਂਦੇ ਕਈ ਹੋਰ ਦਿਨਾਂ ਤੱਕ ਇਸ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ| ਦੁਪਹਿਰ ਵੇਲੇ ਸੜਕਾਂ ਸੁੰਨ ਮਸਾਨ ਦਿਖਾਈ ਦੇਣ ਲੱਗਦੀਆਂ ਹਨ, ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ| ਪੰਜਵੜ੍ਹ ਕਲਾਂ ਦਾ ਸੁੱਖਾ ਚਾਰ ਦਿਨ ਪਹਿਲਾਂ ਦਿਹਾੜੀ ’ਤੇ ਕੰਮ ਕਰਨ ਲਈ ਗਿਆ, ਉਸ ਨੂੰ 300 ਰੁਪਏ ਦਿਹਾੜੀ ਮਿਲੀ ਪਰ ਨਾਲ ਹੀ ਗਰਮੀ ਨਾਲ ਉਹ ਢਿੱਲਾ ਹੋ ਗਿਆ ਤੇ ਉਸਨੂੰ ਇਲਾਜ਼ ਲਈ 600 ਰੁਪਏ ਖਰਚ ਕਰਨੇ ਪਏ| ਇਸੇ ਕਰਕੇ ਹੀ ਇਮਾਰਤ ਉਸਾਰੀ ਦੇ ਕੰਮ ਠੱਪ ਹੋ ਗਏ ਹਨ| ਪੰਜਵੜ੍ਹ ਕਲਾਂ ਦੇ ਹੀ ਵਾਸੀ ਜਸਵਿੰਦਰ ਸਿੰਘ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਠੀਕ ਨਾ ਹੋਣ ਕਰਕੇ ਹਰਾ ਚਾਰਾ ਦੀਆਂ ਫਸਲਾਂ ਨੂੰ ਪਾਣੀ ਨਾ ਮਿਲਣ ਕਰਕੇ ਚਾਰੇ ਦੀ ਘਾਟ ਆ ਗਈ ਹੈ ਤੇ ਨਾਲ ਹੀ ਗਰਮੀ ਨਾਲ ਦੁਧਾਰੂ ਪਸ਼ੂਆਂ ਦੇ ਦੁੱਧ ਵੀ ਸੁੱਕ ਗਏ ਹਨ| ਰਸੂਲਪੁਰ ਦੀ 75 ਸਾਲਾ ਪੂਰਨ ਕੌਰ ਨੇ ਦੱਸਿਆ ਕਿ ਬਿਜਲੀ ਘੱਟ ਆਉਣ ਕਰਕੇ ਉਹ ਤਾਂ ਹੱਥ ਵਿੱਚ ਪੱਖੀ ਰੱਖਦੀ ਹੈ| ਇਲਾਕੇ ਵਿੱਚ ਪਾਣੀ ਨਾ ਆਉਣ ਕਰਕੇ ਨਹਿਰਾਂ ਵਿੱਚ ਨਹਾਉਣ ਦੇ ਸ਼ੌਕੀਨ ਬੱਚੇ ਤੇ ਨੌਜਵਾਨ ਗਰਮੀ ਤੋਂ ਤੰਗੀ ਮਹਿਸੂਸ ਕਰ ਰਹੇ ਹਨ| ਮੌਸਮ ਵਿਭਾਗ ਦੀ ਸੂਚਨਾ ਅਨੁਸਾਰ ਅੱਜ ਤਰਨ ਤਾਰਨ ਦਾ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਤੇ ਘੱਟ ਤੋਂ ਘੱਟ 28 ਡਿਗਰੀ ਸੈਲਸੀਅਸ ਰਿਹਾ। ਬੁੱਧਵਾਰ ਨੂੰ ਤਾਂ ਵੱਧ ਤੋਂ ਵੱਧ ਤਾਪਮਾਨ 46 ਤੇ ਘੱਟ ਤੋਂ ਘੱਟ 31 ਡਿਗਰੀ ਤੱਕ ਚਲਾ ਗਿਆ ਸੀ।
ਭੀੜ-ਭੜੱਕੇ ਵਾਲੇ ਬਾਜ਼ਾਰ ਸੁੰਨਸਾਨ ਰਹਿਣ ਲੱਗੇ
ਜਲੰਧਰ (ਨਿੱਜੀ ਪੱਤਰ ਪ੍ਰੇਰਕ) ਅਤਿ ਦੀ ਪੈ ਰਹੀ ਗਰਮੀ ਨੇ ਜਨਜੀਵਨ ਪੂਰੀ ਤਰ੍ਹਾਂ ਲੀਹ ਤੋਂ ਲਾਹ ਦਿੱਤਾ ਹੈ। ਅੱਜ ਵੀ ਤਾਪਮਾਨ 43 ਡਿਗਰੀ ਸੈਲਸੀਅਸ ਤੋਂ ਵੱਧ ਹੀ ਰਿਹਾ। ਸਵੇਰ ਤੋਂ ਹੀ ਮੌਸਮ ਵਿਚ ਤਪਸ਼ ਮਹਿਸੂਸ ਕੀਤੀ ਜਾ ਰਹੀ ਸੀ। ਦੁਪਹਿਰ ਤੱਕ ਇਸ ਤਪਸ਼ ਨੇ ਲੂ ਦਾ ਰੂਪ ਧਾਰਨ ਕਰ ਲਿਆ ਤੇ ਬਾਹਰ ਨਿਕਲਣਾ ਔਖਾ ਹੋ ਗਿਆ। ਇਸੇ ਦੌਰਾਨ ਗਰਮੀ ਕਾਰਨ ਬਾਜ਼ਾਰ ਸੁੰਨਸਾਨ ਰਹੇ। ਲੋਕ ਘਰਾਂ ’ਚੋਂ ਨਿਕਲਣ ਤੋਂ ਗੁਰੇਜ਼ ਕਰਦੇ ਰਹੇ। ਸਿਖਰ ਦੁਪਹਿਰੇ ਭੀੜ ਭੜੱਕੇ ਵਾਲੇ ਬਾਜ਼ਾਰ ਸੁੰਨਸਾਨ ਨਜ਼ਰ ਆਏ। ਹਾਲਾਂਕਿ ਕਈ ਥਾਈਂ ਬਿਜਲੀ ਦੇ ਕੱਟਾਂ ਨੇ ਲੋਕਾਂ ਦੀ ਮੁਸੀਬਤ ਵਿਚ ਵਾਧਾ ਹੀ ਕੀਤਾ। ਸਰਕਾਰੀ ਦਫ਼ਤਰਾਂ ਵਿੱਚ ਵੀ ਲੋਕ ਬਹੁਤ ਹੀ ਘੱਟ ਗਿਣਤੀ ਵਿੱਚ ਆਪਣੇ ਕੰਮਾਂ ਲਈ ਆ ਰਹੇ ਸਨ। ਮੌਸਮ ਵਿਭਾਗ ਅਨੁਸਾਰ ਅਗਲੇ ਇਕ-ਦੋ ਦਿਨਾਂ ਤੱਕ ਗਰਮੀ ਦੇ ਕਹਿਰ ਤੋਂ ਨਿਜ਼ਾਤ ਮਿਲਦੀ ਨਜ਼ਰ ਨਹੀਂ ਆ ਰਹੀ। ਸਿਹਤ ਮਾਹਿਰਾਂ ਅਨੁਸਾਰ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਾਹਰ ਦੇ ਖਾਣੇ ਤੋਂ ਪ੍ਰਹੇਜ਼ ਕੀਤਾ ਜਾਵੇ ਅਤੇ ਜ਼ਰੂਰੀ ਕੰਮ ਹੋਣ ’ਤੇ ਹੀ ਘਰਾਂ ਤੋਂ ਬਾਹਰ ਨਿਕਲਿਆ ਜਾਵੇ।