ਆਰ.ਕੇ. ਮਿੱਤਲ
ਗੂਹਲਾ ਚੀਕਾ, 12 ਜੁਲਾਈ
ਹਲਕਾ ਗੂਹਲਾ ਦੀਆਂ ਟੁੱਟੀਆਂ ਸੜਕਾਂ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਨੇ ਅੱਜ ਵਿਧਾਇਕ ਈਸ਼ਵਰ ਸਿੰਘ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ। ਯੂਨੀਅਨ ਦੇ ਪ੍ਰਧਾਨ ਨਾਨਕ ਸਿੰਘ ਨੇ ਕਿਹਾ ਕਿ ਸਰਕਾਰ ਗੂਹਲਾ ਦੇ ਵਿਕਾਸ ਲਈ ਗੰਭੀਰ ਨਹੀਂ ਹੈ। ਪਿਛਲੇ ਤਿੰਨ ਸਾਲਾਂ ਵਿੱਚ ਕਿਤੇ ਵੀ ਸੜਕ ਨਹੀਂ ਬਣੀ। ਸੜਕਾਂ ਨਾ ਬਣਨ ਕਾਰਨ ਪਿਛਲੇ ਸਾਲ 15 ਤੋਂ ਵੱਧ ਮੌਤਾਂ ਹੋ ਗਈਆਂ ਹਨ। ਯੂਥ ਆਈਕਨ ਦੀ ਕਨਵੀਨਰ ਨੋਦੀ ਚੀਕਾ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਰੋਸ ਪ੍ਰਦਰਸ਼ਨ ਚੱਲ ਰਹੇ ਹਨ, ਪਰ ਸਰਕਾਰ ਤੇ ਪ੍ਰਸ਼ਾਸਨ ਧਿਆਨ ਨਹੀਂ ਦੇ ਰਹੇ। ਕਿਸਾਨ ਆਗੂ ਦਲਬੀਰ ਨੈਨ, ਸਾਬਕਾ ਸਰਪੰਚ ਸੁਖਦੇਵ ਸਿੰਘ ਅਤੇ ਹਰਦੀਪ ਬਡਸੂਈ ਨੇ ਕਿਹਾ ਕਿ ਵਿਧਾਇਕ ਈਸ਼ਵਰ ਸਿੰਘ ਕੋਈ ਸੁਣਵਾਈ ਨਾ ਹੋਣ ਦਾ ਬਹਾਨਾ ਲਾ ਕੇ ਨਿਰੋਲ ਸਿਆਸਤ ਕਰ ਰਹੇ ਹਨ। ਪ੍ਰਦਰਸ਼ਨ ਵਿੱਚ ਕਿਸਾਨ ਆਗੂ ਦਿਲਬਾਗ ਸਿੰਘ, ਗੁਰਦੇਵ ਸਿੰਘ, ਜਰਨੈਲ ਸਿੰਘ ਜੈਲੀ, ਅਰਸਪ੍ਰੀਤ ਸਿੰਘ, ਮਲਕ ਸਿੰਘ, ਗੁਰਪ੍ਰੀਤ ਸਿੰਘ, ਨਿੰਦਰ ਸਿੰਘ, ਜੈ ਭਗਵਾਨ ਘਾਂਘਸ, ਨਰਿੰਦਰ ਬਰਾੜ, ਸਿਮਰਨਜੀਤ ਸਿੰਘ, ਜਸਪਾਲ ਸਿੰਘ, ਭਗਵਾਨ ਦਾਸ, ਰਾਮਪਾਲ, ਧਰਮਿੰਦਰ ਸਿੰਘ, ਸੇਖਰ ਖੱਟਰ ਆਦਿ ਨੇ ਸ਼ਮੂਲੀਅਤ ਕੀਤੀ।
ਉਧਰ, ਸੰਯੁਕਤ ਸੜਕ ਸੁਰੱਖਿਆ ਸੰਘਰਸ਼ ਫਰੰਟ ਮੋਰਚਾ ਦੇ ਸੱਦੇ ’ਤੇ ਚੀਕਾ ਸ਼ਹਿਰ 20 ਜੁਲਾਈ ਨੂੰ 12 ਤੋਂ 2 ਵਜੇ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਮੋਰਚ ਦੇ ਮੈਂਬਰ ਅਤੇ ਕਿਸਾਨ ਆਗੂ ਹਰਦੀਪ ਬਡਸੂਈ ਨੇ ਦੱਸਿਆ ਕਿ 20 ਜੁਲਾਈ ਨੂੰ ਟਟਿਆਣਾ, ਭਾਗਲ, ਪੋਲੜ ਅਤੇ ਮਸਤਗੜ੍ਹ ਵਿੱਚ ਦੋ ਘੰਟੇ ਲਈ ਸੜਕਾਂ ਬੰਦ ਰਹਿਣਗੀਆਂ। ਪ੍ਰਦਰਸ਼ਨ ਕਰਨ ਲਈ ਜਥੇਬੰਦੀਆਂ ਇੱਥੇ ਤਾਊ ਦੇਵੀਲਾਲ ਪਾਰਕ ਵਿੱਚ ਇਕੱਠੀਆਂ ਹੋਈਆਂ। ਇਸ ਤੋਂ ਬਾਅਦ ਸਿਨੇਮਾ ਰੋਡ ਅਤੇ ਛੋਟੀ ਮੰਡੀ ਤੋਂ ਹੁੰਦੇ ਹੋਏ ਵਿਧਾਇਕ ਈਸ਼ਵਰ ਸਿੰਘ ਦੀ ਕੋਠੀ ਪੁੱਜੇ ਤਾਂ ਧਰਨਾਕਾਰੀਆਂ ਨੇ ਵਿਧਾਇਕ ਦੀ ਕੋਠੀ ਦੇ ਗੇਟ ਅੱਗੇ ‘ਆਗਮ ਨੂੰ ਇਨਸਾਫ਼ ਦਿਉ ਤੇ ਸੜਕਾਂ ਪੱਕੀਆਂ ਕਰੋ’ ਵਾਲਾ ਬੈਨਰ ਲਾ ਕੇ ਨਾਅਰੇਬਾਜ਼ੀ ਕੀਤੀ। ਵਿਧਾਇਕ ਈਸ਼ਵਰ ਸਿੰਘ ਵੱਲੋਂ ਮੰਗ ਪੱਤਰ ਨਾ ਲੈਣ ’ਤੇ ਕਿਸਾਨਾਂ ਦਾ ਗੁੱਸਾ ਭੜਕ ਗਿਆ।
ਅਗਮ ਦੇ ਪਰਿਵਾਰ ਲਈ ਮੁਆਵਜ਼ਾ ਮੰਗਿਆ
ਪਿੰਡ ਪੋਲੜ ਵਿੱਚ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਛੇ ਸਾਲਾ ਅਗਮ ਸਿੰਘ ਲਈ ਮੁਆਵਜ਼ੇ ਦੀ ਮੰਗ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪਰਿਵਾਰ ਨੂੰ ਮੁਆਵਜ਼ਾ ਮਿਲਣ ਦੇ ਨਾਲ-ਨਾਲ ਲੋਕ ਨਿਰਮਾਣ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਵੇ।