ਸਤਵਿੰਦਰ ਬਸਰਾ
ਲੁਧਿਆਣਾ, 16 ਅਪਰੈਲ
ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਵੱਖ-ਵੱਖ ਸਰਕਾਰੀ ਸਕੂਲਾਂ ’ਚ ਹੋਏ ‘ਸਕੂਲ ਦਰਸ਼ਨ’ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਕਈ ਮਾਪਿਆਂ ਨੇ ਮੌਕੇ ’ਤੇ ਹੀ ਆਪਣੇ ਬੱਚਿਆਂ ਦੇ ਸਕੂਲਾਂ ਵਿੱਚ ਦਾਖ਼ਲੇ ਕਰਵਾਏ। ਸਥਾਨਕ ਭਾਰਤ ਨਗਰ ਚੌਕ ਵਿੱਚ ਸੁਖਦੇਵ ਥਾਪਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਪ੍ਰਿੰਸੀਪਲ ਕਮਲਜੀਤ ਕੌਰ ਦੀ ਅਗਵਾਈ ਹੇਠ ਪ੍ਰੋਗਰਾਮ ਕਰਵਾਇਆ, ਜਿਸ ਵਿੱਚ ਕਈ ਪ੍ਰਾਈਵੇਟ ਸਕੂਲਾਂ ਵਿੱਚੋਂ ਵੀ ਵਿਦਿਆਰਥੀ ਦਾਖ਼ਲਾ ਲੈਣ ਪਹੁੰਚੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਸਾਹਿਬ ਵਿੱਚ ਵੀ ਪ੍ਰਿੰਸੀਪਲ ਗੁਰਪਰਿੰਦਰ ਕੌਰ ਦੀ ਅਗਵਾਈ ਹੇਠ ਸਕੂਲ ਦਰਸ਼ਨ ਪ੍ਰੋਗਰਾਮ ਮਨਾਇਆ ਗਿਆ। ਇਸੇ ਤਰ੍ਹਾਂ ਜ਼ਿਲ੍ਹੇ ਦੇ ਹੋਰਨਾਂ ਸਕੂਲਾਂ ਵਿੱਚ ਉਕਤ ਪ੍ਰੋਗਰਾਮ ਤਹਿਤ ਮਾਪਿਆਂ ਨੂੰ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਕਰਵਾਇਆ।
ਡਿਪਟੀ ਡੀਈਓ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਵਿਸਾਖੀ ਮੌਕੇ ਗੁਰਦੁਆਰਾ ਸਾਹਿਬਾਂ ’ਚ ਸਕੂਲਾਂ ਵੱਲੋਂ ਲਾਏ ਸਟਾਲਾ ਤੋਂ ਬਾਅਦ ਅੱਜ ਕਰਵਾਏ ‘ਸਕੂਲ ਦਰਸ਼ਨ’ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
ਪਾਇਲ(ਪੱਤਰ ਪ੍ਰੇਰਕ): ਇਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਕੂਲ ਦਰਸ਼ਨ ਪ੍ਰੋਗਰਾਮ ਕਰਵਾਇਆ, ਜਿਸ ਤਹਿਤ ਸ਼ਹਿਰ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਅਤੇ ਹੋਰ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ।
ਦੋਰਾਹਾ ਨਿੱਜੀ ਪੱਤਰ ਪ੍ਰੇਰਕ): ਅੱਜ ਇਥੋਂ ਦੇ ਨੇੜਲੇ ਪਿੰਡ ਅੜੈਚਾਂ ਦੇ ਸਰਕਾਰੀ ਮਿਡਲ ਸਕੂਲ ਵਿੱਚ ਦਰਸ਼ਨ ਪ੍ਰੋਗਰਾਮ ਕਰਵਾਇਆ ਗਿਆ। ਕਰਨਵਿੰਦਰ ਸਿੰਘ ਅਤੇ ਇਕਬਾਲ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਵਿਭਾਗ ਦੀਆਂ ਵੱਖ-ਵੱਖ ਗਤੀਵਿਧੀਆਂ ਜਿਵੇਂ ਸਮਾਰਟ ਕਲਾਸ, ਮੁਫ਼ਤ ਕਿਤਾਬਾਂ, ਵਜ਼ੀਫ਼ੇ, ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਸਬੰਧੀ ਮਾਪਿਆਂ ਨੂੰ ਜਾਣੂ ਕਰਵਾਇਆ ਗਿਆ।
ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਤੇ ਪ੍ਰਾਪਤੀਆਂ ਸਬੰਧੀ ਪ੍ਰਚਾਰ ਜ਼ੋਰਾਂ ’ਤੇ
ਰਾਏਕੋਟ (ਪੱਤਰ ਪ੍ਰੇਰਕ): ਸਰਕਾਰੀ ਸਕੂਲਾਂ ਵਿੱਚ ਸੈਸ਼ਨ 2021-22 ਲਈ ਸ਼ੁਰੂ ਹੋਏ ਦਾਖ਼ਲਿਆਂ ਦੌਰਾਨ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਨਾਲ ਜੋੜਨ ਲਈ ਸ਼ੁਰੂ ਕੀਤੀ ਦਾਖਲਾ ਮੁਹਿੰਮ ‘ਈਚ ਵੰਨ ਬਰਿੰਗ ਵੰਨ’ ਤਹਿਤ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਸਕੂਲ ਮੁਖੀਆਂ, ਪ੍ਰਬੰਧਕੀ ਕਮੇਟੀਆਂ ਵਲੋਂ ਬੱਚਿਆਂ ਦੇ ਮਾਪਿਆਂ ਨੂੰ ਦਾਖ਼ਲੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫਸਰ ਹਰਜੀਤ ਸਿੰਘ ਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਚਰਨਜੀਤ ਸਿੰਘ ਜਲਾਜਣ ਨੇ ਦੱਸਿਆ ਕਿ ਲੋਕਾਂ ਨੂੰ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ, ਸਕੂਲ਼ਾਂ ਦੇ ਸਮਾਰਟ ਕਲਾਸਰੂਮ, ਸਿੱਖਿਆ ਲਈ ਸਮਾਰਟ ਤਕਨਾਲੋਜੀ ਦੀ ਕੀਤੀ ਜਾ ਰਹੀ ਵਰਤੋਂ ਅਤੇ ਸਰਕਾਰ ਵੱਲੋਂ ਦਿਤੀਆਂ ਜਾ ਰਹੀਆਂ ਸਹੂਲਤਾਂ ਵਾਰੇ ਜਾਣਕਾਰੀ ਦੇਣ ਲਈ ਵੱਖ-ਵੱਖ ਢੰਗ ਅਪਣਾਏ ਜਾ ਰਹੇ ਹਨ।ਇਸ ਸਬੰਧੀ ਵਿਸਾਖੀ ਵਾਲੇ ਦਿਨ ਪਿੰਡ ਜਲਾਲਦੀਵਾਲ ਵਿਖੇ ਧਾਰਮਿਕ ਸਥਾਨਾਂ ਦੇ ਬਾਹਰ ਅਤੇ ਹੋਰ ਮੌਕਿਆਂ ’ਤੇ ਸਕੂਲਾਂ ਦੇ ਬਾਹਰ ਪ੍ਰਚਾਰ ਸਟਾਲਾਂ, ਪਰਚੇ ਵੰਡ ਕੇ ਅਤੇ ਆਡੀਓ-ਵੀਡੀਓ ਰਾਹੀਂ ਸਕੂਲਾਂ ਦੀ ਬਦਲੀ ਨੁਹਾਰ ਤੋਂ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਮੁੱਖੀ ਕਰਮਜੀਤ ਸਿੰਘ ਤੇ ਸਮੂਹ ਸਟਾਫ, ਚੇਅਰਮੈਨ ਵਰਿੰਦਰ ਸ਼ਰਮਾ, ਸਰਪੰਚ ਜਗਦੀਪ ਸਿੰਘ, ਸੋਸ਼ਲ ਮੀਡੀਆ ਕੋਆਰਡੀਨੇਟਰ ਅਮਰਜੋਤ ਸਿੰਘ ਆਦਿ ਹਾਜ਼ਰ ਸਨ।