ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਜੁਲਾਈ
ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਪਟਿਆਲਾ ਸਥਿਤ ਘਰ ’ਚ ਮਿਲਣ ਲਈ ਅੱਜ ਕਈ ਵਿਧਾਇਕ ਪੁੱਜੇ। ਰਾਜਾ ਵੜਿੰਗ ਤੇ ਕੁਲਬੀਰ ਜ਼ੀਰਾ ਤਾਂ ਸਿੱਧੂ ਦੇ ਜਾਗਣ ਤੋਂ ਪਹਿਲਾਂ ਹੀ ਆ ਪਹੁੰਚੇ। ਉਧਰ, ਵਿਧਾਇਕ ਨਿਰਮਲ ਸ਼ੁਤਰਾਣਾ ਤੇ ਸਾਬਕਾ ਵਿਧਾਇਕ ਰਣਜੀਤ ਛੱਜਲਵੱਡੀ ਨੇ ਵੀ ਸਵਖ਼ਤੇ ਹੀ ਇੱਥੇ ਆ ਕੇ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਸਿੱਧੂ ਇੱਥੋਂ ਹੋਰਨਾਂ ਵਿਧਾਇਕਾਂ ਤੇ ਨੇਤਾਵਾਂ ਨੂੰ ਮਿਲਣ ਲਈ ਰਵਾਨਾ ਹੋ ਗਏ। ਅੱਜ ਉਹ ਰਾਜਾ ਵੜਿੰਗ ਦੀ ਕਾਰ ਵਿੱਚ ਸਵਾਰ ਸਨ ਤੇ ਡਰਾਈਵਿੰਗ ਵੀ ਰਾਜਾ ਵੜਿੰਗ ਹੀ ਕਰ ਰਹੇ ਸਨ। ਸਿੱਧੂ ਦੇ ਪੀ.ਏ ਸੁਮਿਤ ਵੀ ਨਾਲ਼ ਸਨ। ਮਗਰੋਂ ਰਸਤੇ ਵਿੱਚੋਂ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਉਨ੍ਹਾਂ ਦੇ ਨਾਲ਼ ਆ ਰਲ਼ੇ। ਇਸ ਤੋਂ ਇਲਾਵਾ ਸ਼ੌਰੀ ਰਿਆੜ ਤੇ ਡਾ. ਰਾਜ ਕੁਮਾਰ ਡਕਾਲ਼ਾ ਸਮੇਤ ਕਈ ਹੋਰ ਸਥਾਨਕ ਕਾਂਗਰਸੀ ਵਰਕਰ ਵੀ ਸਵੇਰੇ ਹੀ ਇੱਥੇ ਆ ਕੇ ਸਿੱਧੂ ਨੂੰ ਮਿਲੇ ਤੇ ਗੁਲਦਸਤੇ ਭੇਟ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਮੁਹਾਲੀ (ਕਰਮਜੀਤ ਸਿੰਘ ਚਿੱਲਾ): ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਆਪਣੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਕਾਰਜਕਾਰੀ ਪ੍ਰਧਾਨ ਅਤੇ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਇੱਥੋਂ ਦੇ ਫੇਜ਼-3ਏ ਵਿਚਲੀ ਰਿਹਾਇਸ਼ ’ਤੇ ਪਹੁੰਚੇ। ਕੁਲਜੀਤ ਨਾਗਰਾ ਨੇ ਨਵਜੋਤ ਸਿੱਧੂ ਦਾ ਜੱਫ਼ੀ ਪਾ ਕੇ ਸਵਾਗਤ ਕੀਤਾ। ਇਸ ਮੌਕੇ ਸਿਰਫ ਨਾਗਰਾ ਪਰਿਵਾਰ ਦੇ ਮੈਂਬਰ ਅਤੇ ਕੁੱਝ ਸਮਰਥਕ ਹੀ ਮੌਜੂਦ ਸਨ। ਪੁਲੀਸ ਮੁਲਾਜ਼ਮ, ਪ੍ਰਸ਼ਾਸਨਿਕ ਅਧਿਕਾਰੀ ਅਤੇ ਪਾਰਟੀ ਦਾ ਮੁਹਾਲੀ ਨਾਲ ਸਬੰਧਤ ਕੋਈ ਵੀ ਆਗੂ ਹਾਜ਼ਰ ਨਹੀਂ ਸੀ। ਵਿਧਾਇਕ ਨਾਗਰਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸ੍ਰੀ ਸਿੱਧੂ ਨੂੰ ਗੁਲਦਸਤਾ ਭੇਟ ਕਰ ਕੇ ਸਵਾਗਤ ਕੀਤਾ। ਇਸ ਮੌਕੇ ਸਿੱਧੂ ਅਤੇ ਨਾਗਰਾ ਨੇ ਇੱਕ-ਦੂਜੇ ਨੂੰ ਲੱਡੂ ਖੁਆਏ ਅਤੇ ਕੇਕ ਵੀ ਕੱਟਿਆ। ਮਗਰੋਂ ਸ੍ਰੀ ਸਿੱਧੂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੂੰ ਨਾਲ ਲੈ ਕੇ ਚੰਡੀਗੜ੍ਹ ਲਈ ਰਵਾਨਾ ਹੋ ਗਏ।
ਸਿੱਧੂ ਵੱਲੋਂ ਯੂਥ ਕਾਂਗਰਸ ਦੇ ਪ੍ਰਧਾਨ ਨਾਲ ਮੁਲਾਕਾਤ
ਰੂਪਨਗਰ (ਬਹਾਦਰਜੀਤ ਸਿੰਘ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅੱਜ ਸਵੇਰੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ ’ਚ ਪੁੱਜੇ। ਇਸ ਦੌਰਾਨ ਸਿੱਧੂ ਅਤੇ ਢਿੱਲੋਂ ਨੇ ਕਾਫੀ ਸਮੇਂ ਤੱਕ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਚਰਚਾ ਕੀਤੀ। ਢਿੱਲੋਂ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਜਿਸ ਤਰ੍ਹਾਂ ਉਹ ਪਹਿਲਾਂ ਸੁਨੀਲ ਜਾਖੜ ਨਾਲ ਤਾਲਮੇਲ ਕਰ ਕੇ ਕੰਮ ਕਰਦੇ ਰਹੇ ਹਨ, ਹੁਣ ਨਵਜੋਤ ਸਿੰਘ ਸਿੱਧੂ ਨਾਲ ਵੀ ਵਫ਼ਾਦਾਰੀ ਤੇ ਇਮਾਨਦਾਰੀ ਨਾਲ ਕੰਮ ਕਰਨਗੇ। ਮੀਟਿੰਗ ਦੌਰਾਨ ਸਿੱਧੂ ਨੇ ਬਰਿੰਦਰ ਢਿੱਲੋਂ ਨੂੰ ਭਰੋਸਾ ਦਿਵਾਇਆ ਕਿ ਉਹ ਨੌਜਵਾਨਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਵਚਨਬੱਧ ਰਹਿਣਗੇ। ਇਸ ਦੌਰਾਨ ਵਿਧਾਇਕ ਮਦਨ ਲਾਲ ਜਲਾਲਪੁਰ, ਰਾਜਾ ਵੜਿੰਗ, ਕੁਲਬੀਰ ਜ਼ੀਰਾ ਅਤੇ ਤਲਵੰਡੀ ਸਾਬੋ ਤੋਂ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਵੀ ਮੌਜੂਦ ਸਨ।
ਕਾਰਜਕਾਰੀ ਪ੍ਰਧਾਨ ਬਣਨ ਮਗਰੋਂ ਨਾਗਰਾ ਨੇ ਗੁਰਦੁਆਰੇ ਮੱਥਾ ਟੇਕਿਆ
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਚੁਣੇ ਜਾਣ ’ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਅੱਜ ਇਤਿਹਾਸਕ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਨਾਗਰਾ ਨੇ ਕਿਹਾ ਕਿ ਸਮੁੱਚੀ ਪਾਰਟੀ ਇਕਮੁੱਠ ਹੋ ਕੇ 2022 ਦੀਆਂ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਕੰਮ ਕਰੇਗੀ। ਪਾਰਟੀ ਵਿਚ ਧੜੇਬੰਦੀ ਬਾਰੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪਾਰਟੀ ਵਿਚ ਕੋਈ ਧੜੇਬੰਦੀ ਨਹੀਂ ਹੈ। ਹਾਈਕਮਾਂਡ ਦਾ ਫ਼ੈਸਲਾ ਸਾਰਿਆਂ ਲਈ ਪ੍ਰਵਾਨਿਤ ਹੈ। ਸਮੁੱਚੀ ਪਾਰਟੀ ਇੱਕ ਪਲੈਟਫਾਰਮ ’ਤੇ ਇਕੱਠੀ ਹੈ। ਜੋ ਮਾਮੂਲੀ ਵਿਵਾਦ ਸਾਹਮਣੇ ਆ ਰਹੇ ਹਨ, ਉਹ ਵੀ ਛੇਤੀ ਹੱਲ ਹੋ ਜਾਣਗੇ।