ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 23 ਨਵੰਬਰ
ਦਿੱਲੀ ਮੋਰਚੇ ਲਈ ਮਾਲਵੇ ਦੇ 9 ਜ਼ਿਲ੍ਹਿਆਂ ਦੇ ਦੋ ਲੱਖ ਕਿਸਾਨੀ ਕਦਮਾਂ ਦੀਆਂ ਸੰਘਰਸ਼ੀ ਪੈੜਾਂ ਲਈ ਸਰਕਾਰੀ ਰੋਕਾਂ ਲੱਗਣ ’ਤੇ ਜਥੇਬੰਦਕ ਛਾਉਣੀ ਡੱਬਵਾਲੀ ’ਚ ਸੰਭਾਵੀ ਧਰਨੇ ਲਈ ਜ਼ਮੀਨੀ ਤਿਆਰੀਆਂ ਅੰਤਿਮ ਛੋਹਾਂ ਵੱਲ ਵਧ ਰਹੀਆਂ ਹਨ। ਅੱਜ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਡੱਬਵਾਲੀ/ਮੰਡੀ ਕਿੱਲਿਆਂਵਾਲੀ ਖੇਤਰ ਦਾ ਦੌਰਾ ਕਰਕੇ ਸੰਘਰਸ਼ ਲਈ ਹਾਲਾਤ ਵਾਚੇ ਅਤੇ ਤਿਆਰੀਆਂ ਸਬੰਧੀ ਸਥਾਨਕ ਬੀਕੇਯੂ ਕਾਡਰ ਅਤੇ ਸਮਰਥਨ ਕਮੇਟੀ ਨਾਲ ਮੀਟਿੰਗ ਕੀਤੀ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸੇਵੇਵਾਲਾ ਵੀ ਉਚੇਚੇ ਮੌਜੂਦ ਸਨ। 26 ਨਵੰਬਰ ਨੂੰ ਬੀਕੇਯੂ ਏਕਤਾ ਉਗਰਾੲਾਂ ਦੀ ਅਗਵਾਈ ਹੇਠ ਇੱਕ ਲੱਖ ਪੁਰਸ਼-ਔਰਤ ਕਿਸਾਨ ਕਰੀਬ 11 ਵਜੇ ਬਠਿੰਡਾ ਰੋਡ ਅਤੇ ਮਲੋਟ ਰੋਡ ਤੋਂ ਦਿੱਲੀ ਜਾਣ ਲਈ ਡੱਬਵਾਲੀ ’ਚ ਦਾਖ਼ਲ ਹੋਣਗੇ। ਹਰਿਆਣਵੀ ਪ੍ਰਸ਼ਾਸਨ ਵੱਲੋਂ ਰੋਕਣ ਦੀ ਸੂਰਤ ’ਚ ਡੱਬਵਾਲੀ ’ਚ ਬਠਿੰਡਾ-ਬੀਕਾਨੇਰ ਨੈਸ਼ਨਲ ਹਾਈਵੇਅ ’ਤੇ ਧਰਨੇ ਦਾ ਅਨੁਮਾਨ ਹੈ। ਇਸ ਧਰਨੇ ਨਾਲ ਹਰਿਆਣਾ-ਰਾਜਸਥਾਨ ਦੇ ਸਰਹੱਦੀਆਂ ਜ਼ਿਲ੍ਹਿਆਂ ’ਚ ਕਿਸਾਨ ਸੰਘਰਸ਼ ਨੂੰ ਨਵੀਂ ਦਿਸ਼ਾ ਮਿਲਣ ਦਾ ਮੁੱਢ ਬੱਝੇਗਾ। ਇਸ ਧਰਨੇ ਦੀ ਸੂਰਤ ’ਚ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਦਾ ਕੰਮਕਾਜ ਪ੍ਰਭਾਵਿਤ ਹੋਵੇਗਾ ਅਤੇ ਪੰਜਾਬ ਦਾ ਗੁਜਰਾਤ-ਰਾਜਸਥਾਨ ਨਾਲੋਂ ਕਾਰੋਬਾਰੀ ਸੰਪਰਕ ਟੁੱਟ ਜਾਵੇਗਾ।
ਜਾਣਕਾਰੀ ਅਨੁਸਾਰ ਡੱਬਵਾਲੀ ’ਚ ਧਰਨਾ ਲੱਗਣ ’ਤੇ ਉਸ ਦੀ ਮੁਨਿਆਦ ਇੱਕ ਹਫ਼ਤਾ ਰਹਿਣ ਦੀ ਉਮੀਦ ਹੈ। ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਕਰੀਬ ਢਾਈ ਘੰਟੇ ਖੇਤਰ ਵਿੱਚ ਰਹੇ। ਉਨ੍ਹਾਂ ਦੇ ਦੌਰੇ ’ਤੇ ਸੂਹੀਆ ਵਿਭਾਗ ਦੀਆਂ ਨਜ਼ਰਾਂ ਲਗਾਤਾਰ ਟਿਕੀਆਂ ਰਹੀਆਂ। ਹਰਿਆਣਾ ਸਰਕਾਰ ਵੱਲੋਂ ਦਿੱਲੀ ਜਾਣ ਸਮੇਂ ਕਿਸਾਨਾਂ ਨੂੰ ਰੋਕੇ ਜਾਣ ’ਤੇ ਭਾਕਿਯੂ ਏਕਤਾ ਉਗਰਾਹਾਂ ਡੱਬਵਾਲੀ ਵਿੱਚ ਬਠਿੰਡਾ ਰੋਡ ਜਾਂ ਮਲੋਟ ਰੋਡ ’ਤੇ ਸਫ਼ਲ ਧਰਨੇ ਦੀਆਂ ਸੰਭਾਵਨਾਵਾਂ ਦੀ ਪਰਖ ’ਚ ਜੁਟੀ ਹੋਈ ਹੈ। ਜੇਠੂਕੇ ਨੇ ਟੈਂਟ ਸੰਚਾਲਕਾਂ ਤੇ ਹੋਰਨਾਂ ਸਾਜ਼ੋ-ਸਾਮਾਨ ਦੇ ਪ੍ਰਬੰਧਾਂ ਲਈ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਤੇ ਡਾ. ਹਰਪਾਲ ਸਿੰਘ ਕਿੱਲਿਆਂਵਾਲੀ ਨੂੰ ਨਿਰਦੇਸ਼ ਦਿੱਤੇ। ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਉਗਰਾਹਾਂ ਦੀ ਦਿੱਲੀ ਪੁੱਜਣ ਲਈ ਕੋਈ ਲੁਕਵੀਂ ਵਿਉਂਤਬੰਦੀ ਨਹੀਂ ਹੈ, ਜਿੱਥੇ ਸਰਕਾਰ ਰੋਕੇਗੀ, ਉਥੇ ਧਰਨਾ ਲਗਾ ਦਿੱਤਾ ਜਾਵੇਗਾ।
ਦਿੱਲੀ ਵੱਲ ਕੂਚ ਕਰਨ ਲਈ ਕਾਦੀਆਂ ਧੜੇ ਵੱਲੋਂ ਤਿਆਰੀਆਂ ਮੁਕੰਮਲ
ਚਮਕੌਰ ਸਾਹਿਬ (ਸੰਜੀਵ ਬੱਬੀ): ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਤਿੰਨ ਜ਼ਿਲ੍ਹਿਆਂ ਦੇ ਮੈਂਬਰਾਂ ਦੀ ਮੀਟਿੰਗ ਇੱਥੇ ਅਨਾਜ ਮੰਡੀ ਵਿੱਚ ਹੋਈ। ਇਸ ਮੀਟਿੰਗ ਵਿੱਚ ਜਿੱਥੇ ਜ਼ਿਲ੍ਹਾ ਰੂਪਨਗਰ ਅਤੇ ਮੁਹਾਲੀ ਸਮੇਤ ਫਤਹਿਗੜ੍ਹ ਸਾਹਿਬ ਦੇ ਅਹੁਦੇਦਾਰ ਅਤੇ ਮੈਂਬਰ ਸ਼ਾਮਲ ਹੋਏ, ਉੱਥੇ ਹੀ ਆੜ੍ਹਤੀ ਅਤੇ ਪਿੰਡਾਂ ਦੇ ਪੰਚ ਸਰਪੰਚ ਵੀ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ 26, 27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਦਾ ਸੱਦਾ ਦਿੱਤਾ। ਸੂਬਾ ਮੀਤ ਪ੍ਰਧਾਨ ਤਲਵਿੰਦਰ ਸਿੰਘ ਗੱਗੋਂ, ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਜੱਸੜਾਂ ਅਤੇ ਜ਼ਿਲ੍ਹਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੇਜਰ ਸਿੰਘ ਮਾਂਗਟ ਨੇ ਕਿਹਾ ਕਿ ਦਿੱਲੀ ਜਾਣ ਲਈ ਇਲਾਕੇ ਦੇ ਕਿਸਾਨਾਂ ਦਾ ਇਕੱਠ ਚਮਕੌਰ ਸਾਹਿਬ ਅਨਾਜ ਮੰਡੀ ਵਿੱਚ ਕੀਤਾ ਜਾਵੇਗਾ, ਜਿੱਥੋਂ ਕਿ ਕਿਸਾਨ ਇਕੱਠੇ ਹੋ ਕੇ ਦਿੱਲੀ ਲਈ ਕੂਚ ਕਰਨਗੇ।