ਪੱਤਰ ਪ੍ਰੇਰਕ
ਤਰਨ ਤਾਰਨ, 11 ਜੂਨ
ਇਥੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਵਿੱਚ ਕਿਸਾਨਾਂ ਦੀਆਂ ਮੰਗਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਜਥੇਬੰਦੀ ਦੇ ਸੂਬਾ ਆਗੂ ਭੁਪਿੰਦਰ ਸਿੰਘ ਪੰਡੋਰੀ ਤਖਤ ਮਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਵੱਲੋਂ ਜਿਣਸਾਂ ਦੇ ਐਲਾਨੇ ਘੱਟੋ-ਘੱਟ ਸਮਰਥਨ ਮੁੱਲਾਂ ਨੂੰ ਕੇਂਦਰ ਸਰਕਾਰ ਦੀ ਖੋਟੀ ਨੀਅਤ ਕਰਾਰ ਦਿੱਤਾ। ਉਨ੍ਹਾਂ ਨਹਿਰੀ ਸਿਸਟਮ ਨੂੰ ਪੁਨਰ ਸੁਰਜੀਤ ਕਰਨ ਦੀ ਮੰਗ ਕੀਤੀ ਅਤੇ ਨਹਿਰੀ ਪਾਣੀ ਹਰ ਕਿਸਾਨ ਦੇ ਖੇਤਾਂ ਤੱਕ ਪੁੱਜਦਾ ਕੀਤੇ ਜਾਣ, ਕਿਸਾਨ ਨੂੰ ਅੱਠ ਘੰਟੇ ਨਿਰਵਿਘਣ ਬਿਜਲੀ ਦੇਣ ਆਦਿ ਦੀ ਵੀ ਮੰਗ ਕੀਤੀ। ਇਸ ਮੌਕੇ ਧੀਰ ਸਿੰਘ ਕੱਦਗਿੱਲ, ਪਰਗਟ ਸਿੰਘ ਠੱਠਾ, ਮੋਲਕ ਸਿੰਘ ਗੋਰਖਾ, ਕੁਲਵੰਤ ਸਿੰਘ ਖਹਿਰਾ ਨੇ ਸੰਬੋਧਨ ਕਰਦਿਆਂ ਰੇਹ, ਤੇਲ, ਮਸ਼ੀਨਰੀ, ਨਦੀਨ ਨਾਸ਼ਕ, ਕੀਟਨਾਸ਼ਕ, ਉੱਲੀਨਾਸ਼ਕ ਦਵਾਈਆਂ ਦੀਆਂ ਕੀਮਤਾਂ ਵਿੱਚ ਹੋਏ ਬੇਤਹਾਸ਼ਾ ਵਾਧੇ ਦੇ ਸਨਮੁੱਖ ਕਿਸਾਨੀ ਜਿਣਸਾਂ ਦੀਆਂ ਕੀਮਤਾਂ ’ਤੇ ਮੁੜ ਫਿਰ ਤੋਂ ਵਿਚਾਰ ਕੀਤੇ ਜਾਣ ਦੀ ਮੰਗ ਕੀਤੀ। ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਕਿਸਾਨੀਂ ਕਿੱਤਾ ਤਬਾਹ ਕਰਨ ’ਤੇ ਤੁਲੀ ਹੋਈ ਹੈ।