ਨਿੱਜੀ ਪੱਤਰ ਪ੍ਰੇਰਕ
ਜਲੰਧਰ, 9 ਮਈ
ਖੇਤੀਬਾੜੀ ਵਿਭਾਗ ਨੇ ਬੀਜਾਂ ਦੀ ਕਾਲਾਬਾਜ਼ਾਰੀ ਰੋਕਣ ਲਈ ਤੇ ਕਿਸਾਨਾਂ ਨੂੰ ਲੁੱਟ-ਖਸੁੱਟ ਤੋਂ ਬਚਾਉਣ ਲਈ ਜ਼ਿਲ੍ਹੇ ਭਰ ਦੇ 200 ਡੀਲਰਾਂ ਦੀਆਂ ਦੁਕਾਨਾਂ ਤੇ ਗੁਦਾਮਾਂ ’ਤੇ ਛਾਪੇ ਮਾਰੇ। ਵਿਭਾਗ ਵੱਲੋਂ ਚੈੱਕ ਕੀਤੇ ਗਏ ਰਿਕਾਰਡ ਵਿਚ 10 ਤੋਂ ਵੱਧ ਡੀਲਰਾਂ ਦੇ ਸਟਾਕ ਵਿਚ ਊਣਤਾਈਆਂ ਹੋਣ ਕਰਕੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਭੇਜੇ ਜਾ ਰਹੇ ਹਨ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਮਿਆਰੀ ਖਾਦ ਬੀਜ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ 10 ਵੱਖ-ਵੱਖ ਚੈਕਿੰਗ ਟੀਮਾਂ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਜਿਥੇ ਕੁਆਲਟੀ ਕੰਟਰੋਲ ਐਕਟ ਅਨੁਸਾਰ ਖੇਤੀ ਇਨਪੁਟਸ ਦੀ ਵਿਕਰੀ ਕਰ ਰਹੇ ਡੀਲਰਾਂ ਦਾ ਰਿਕਾਰਡ ਅਤੇ ਸਟਾਕ ਚੈੱਕ ਕੀਤਾ ਗਿਆ ਹੈ ਉਥੇ ਬਗੈਰ ਆਡੀਸ਼ਨਾਂ, ਬੀਜਾਂ ਦੀ ਕਾਲਾਬਾਜ਼ਾਰੀ, ਬਗੈਰ ਲਾਇਸੈਂਸ ਤੋਂ ਖੇਤੀ ਇਨਪੁਟਸ ਦੀ ਵਿਕਰੀ ਕਰ ਰਹੇ ਡੀਲਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਤਾਂ ਜੋ ਕਿ ਅਜਿਹੇ ਗੈਰ ਕਾਨੂੰਨੀ ਕੰਮ ਕਰ ਰਹੇ ਡੀਲਰਾਂ ਖਿਲਾਫ ਢੁੱਕਵੀਂ ਕਾਰਵਾਈ ਕੀਤੀ ਜਾ ਸਕੇ।
ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅਧੀਨ ਵੱਖ-ਵੱਖ ਬਲਾਕਾਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਮੌਕੇ ’ਤੇ ਲੋੜੀਂਦੇ ਡਾਕੂਮੈਂਟ ਨਾ ਪੇਸ਼ ਕਰਨ ਵਾਲੇ ਡੀਲਰਾਂ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਖੇਤੀ ਅਧਿਕਾਰੀਆਂ ਵੱਲੋਂ ਕੀਤੀ ਗਈ ਇਸ ਚੈਕਿੰਗ ਦੌਰਾਨ ਵੱਖ-ਵੱਖ ਡੀਲਰਾਂ ਅਧੀਨ ਪਾਈਆਂ ਗਈਆਂ ਊਣਤਾਈਆਂ ਬਾਰੇ ਸਬੰਧਤ ਡੀਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਨ੍ਹਾਂ ਦੀ ਗਿਣਤੀ ਵਧ ਵੀ ਸਕਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਲਾਬਾਜ਼ਾਰੀ ਕਰਨ ਵਾਲੇ ਕਿਸੇ ਵੀ ਡੀਲਰ ਨੂੰ ਬਖਸ਼ਿਆ ਨਹੀਂ ਜਾਵੇਗਾ। ਡਾ. ਸੁਰਿੰਦਰ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖਾਦ ਬੀਜ ਅਤੇ ਦਵਾਈ ਆਦਿ ਦੀ ਖਰੀਦ ਭਰੋਸੇਯੋਗ ਅਦਾਰੇ ਪਾਸੋਂ ਕਰਨ ਅਤੇ ਸਸਤੇ ਦੇ ਚੱਕਰ ਵਿੱਚ ਪਿਡਾਂ ਵਿੱਚ ਗਲਤ ਅਨਸਰਾਂ ਪਾਸੋਂ ਇਨ੍ਹਾਂ ਖੇਤੀ ਵਸਤਾਂ ਦੀ ਖਰੀਦ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਬੀਜ ਜਾਂ ਕੀਟਨਾਸ਼ਕ ਦਵਾਈ ਖਰੀਦਣ ਸਮੇਂ ਆਪਣਾ ਬਿੱਲ ਜ਼ਰੂਰ ਲੈਣ।