ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 30 ਦਸੰਬਰ
‘ਪੈਨਸ਼ਨ ਸਾਡਾ ਹੱਕ ਖੈਰਾਤ ਨਹੀਂ’ ਸਿਰਲੇਖ ਹੇਠ ਇੱਕ ਮੰਚ ’ਤੇ ਇਕੱਤਰ ਹੋਏ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਸੇਵਾ-ਮੁਕਤ ਮੁਲਾਜ਼ਮਾਂ ਨੇ ਸੂਬਾ ਸਰਕਾਰ ਦੀਆਂ ਟਾਲ-ਮਟੋਲ ਵਾਲੀਆਂ ਨੀਤੀਆਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਬੀਤੇ ਕੱਲ੍ਹ ਚੋਣਵੇਂ ਆਗੂਆਂ ਦੀ ਮੀਟਿੰਗ ਮਗਰੋਂ ਅੱਜ ਇੱਥੇ ਉਪ-ਮੰਡਲ ਮੈਜਿਸਟਰੇਟ ਦਫਤਰ ਅੱਗੇ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਮਲਕੀਤ ਸਿੰਘ, ਅਵਤਾਰ ਸਿੰਘ, ਜੋਗਿੰਦਰ ਆਜ਼ਾਦ, ਅਸ਼ੋਕ ਭੰਡਾਰੀ, ਜਗਦੀਸ਼ ਮਹਿਤਾ ਤੇ ਗੁਰਮੀਤ ਸਿੰਘ ਨੇ ਆਖਿਆ ਕਿ ਸੂਬਾ ਸਰਕਾਰ ਟਾਲ-ਮਟੋਲ ਦੀ ਨੀਤੀ ਤਿਆਗ ਕੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਵਫਾ ਕਰੇ। ਪੈਨਸ਼ਨਰਾਂ ਨੂੰ ਸੋਧੀਆਂ ਦਰਾਂ ’ਤੇ ਪੈਨਸ਼ਨ ਦੇ ਬਕਾਏ ਜਲਦੀ ਜਾਰੀ ਕੀਤੇ ਜਾਣ, ਪੈਨਸ਼ਨ ਦੁਹਰਾਈ ਦਾ ਤਰੀਕਾ ਸਰਲ ਅਤੇ ਸਮਾਂਬੱਧ ਕੀਤਾ ਜਾਵੇ। 2.59 ਦਾ ਗੁਣਾਂਕ ਲਾਗੂ ਕੀਤਾ ਜਾਵੇ। ਕੈਸ਼ਲੈੱਸ ਮੈਡੀਕਲ ਸੁਵਿਧਾ ਦਿੱਤੀ ਜਾਵੇ। ਉਪ-ਮੰਡਲ ਮੈਜਿਸਟਰੇਟ ਵਿਕਾਸ ਹੀਰਾ ਦੀ ਗੈਰਹਾਜ਼ਰੀ ’ਚ ਪੈਨਸ਼ਨਰਾਂ ਤੋਂ ਮੰਗ ਪੱਤਰ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਲੈ ਕੇ ਸਰਕਾਰ ਤੱਕ ਪੁੱਜਦਾ ਕਰਨ ਦਾ ਵਾਆਦਾ ਕੀਤਾ। ਪੈਨਸ਼ਨਰਾਂ ਨੇ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ।