ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 10 ਅਪਰੈਲ
ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਵਲੋਂ ਅਹੁਦਾ ਸੰਭਾਲਣ ਮੌਕੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਸਬੰਧਤ ਪਰਿਵਾਰਾਂ ਦੀਆਂ ਲੜਕੀਆਂ ਨੂੰ ਪੜ੍ਹਾਈ ਲਈ ਆਪਣੀ ਤਨਖਾਹ ਵਿਚੋਂ ਹਰ ਮਹੀਨੇ ਵਿੱਤੀ ਮਦਦ ਦੇਣ ਦੇ ਕੀਤੇ ਐਲਾਨ ਨਾਲ ਇਸ ਲੋਕ ਸੇਵਾ ਦੇ ਕਾਰਜ ਲਈ ਹੋਰ ਸਮਾਜ ਸੇਵੀ ਵੀ ਅੱਗੇ ਆਉਣ ਲੱਗੇ ਹਨ।
ਉਨ੍ਹਾਂ ਦੇ ਇਸ ਉਦਮ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸ਼ਖਸੀਅਤਾਂ ਨੇ ਵੀ ਲੋੜਵੰਦਾਂ ਦੀ ਮਦਦ ਲਈ ਆਪਣਾ ਹੱਥ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ।
ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ ਡਾ. ਰਜਿੰਦਰ ਗੁਪਤਾ ਨੇ ਇਸ ਮੁਹਿੰਮ ਵਿਚ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਡਾ. ਗੁਪਤਾ ਵੱਲੋਂ ਲੋਕ ਸੇਵਾ ਲਈ ਇੱਕ ਹੋਰ ਮਹੱਤਵਪੂਰਨ ਪੁਲਾਂਘ ਹੈ।
ਸ੍ਰੀ ਸਿੱਧੂ ਨੇ ਡਾ. ਗੁਪਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਸਬੰਧਤ ਪਰਿਵਾਰਾਂ ਦੀਆਂ ਜਿਹੜੀਆਂ ਬੱਚੀਆਂ ਆਪਣੇ ਪਿਤਾ ਨੂੰ ਖੁਦਕੁਸ਼ੀ ਜਿਹੇ ਮਾੜੇ ਸਮਾਜਿਕ ਵਰਤਾਰੇ ਕਾਰਨ ਗੁਆ ਚੁੱਕੀਆਂ ਹਨ, ਨੂੰ ਵਿੱਤੀ ਸਹਾਇਤਾ ਮਿਲਣ ਨਾਲ ਉਹ ਬੱਚੀਆਂ ਆਪਣੇ ਸੁਨਹਿਰੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਸਮਰੱਥ ਬਣਨਗੀਆਂ। ਜ਼ਿਕਰਯੋਗ ਹੈ ਕਿ ਐਸ.ਐਸ.ਪੀ ਸ੍ਰੀ ਸਿੱਧੂ ਵੱਲੋਂ ਆਪਣੀ ਪਹਿਲੀ ਤਨਖਾਹ ਵਿੱਚੋਂ 51 ਹਜ਼ਾਰ ਰੁਪਏ ਅਤੇ ਫਿਰ ਸੰਗਰੂਰ ਵਿਖੇ ਪੋਸਟਿੰਗ ਤੱਕ ਹਰ ਮਹੀਨੇ ਆਪਣੀ ਤਨਖਾਹ ਵਿੱਚੋਂ 21 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਮੁਹਿੰਮ ’ਚ ਯੋਗਦਾਨ ਪਾਉਣ ਲਈ ਹੋਰ ਜਥੇਬੰਦੀਆਂ ਵੀ ਅੱਗੇ ਆ ਰਹੀਆਂ ਹਨ।